ਪੁਲੀਸ ਮੁਕਾਬਲੇ ਮਗਰੋਂ ਦੋ ਗੈਂਗਸਟਰ ਗ੍ਰਿਫ਼ਤਾਰ
ਕਰਮਜੀਤ ਸਿੰਘ ਚਿੱਲਾ
ਬਨੂੜ, 14 ਜੁਲਾਈ
ਬਨੂੜ-ਹੁਲਕਾ ਰੋਡ ਤੋਂ ਕਲੌਲੀ ਨੂੰ ਜਾਂਦੀ ਲਿੰਕ ਰੋਡ ’ਤੇ ਅੱਜ ਬਾਅਦ ਦੁਪਹਿਰ ਪੁਲੀਸ ਮੁਕਾਬਲਾ ਹੋਇਆ ਜਿਸ ਮਗਰੋਂ ਪੁਲੀਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ’ਚੋਂ ਇੱਕ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਰਾਜਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਦੀਪਕ ਵਾਸੀ ਸ਼ਾਹਕੋਟ ਜਦਕਿ ਦੂਜੇ ਦੀ ਪਛਾਣ ਰਮਨਦੀਪ ਸਿੰਘ ਵਾਸੀ ਅਮਰਗੜ੍ਹ (ਬਠਿੰਡਾ) ਵਜੋਂ ਹੋਈ ਹੈ। ਇਸ ਮੌਕੇ ਪੁਲੀਸ ਨੂੰ ਦੋ ਰਿਵਾਲਵਰ ਵੀ ਬਰਾਮਦ ਹੋਏ ਹਨ।
ਮੌਕੇ ’ਤੇ ਪਹੁੰਚੇ ਪਟਿਆਲਾ ਦੇ ਐੱਸਪੀ (ਡੀ) ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਦੋਵੇਂ ਗੈਂਗਸਟਰਾਂ ਨੇ ਬੀਤੀ ਰਾਤ ਧਰੇੜੀ ਜੱਟਾਂ ਟੌਲ ਪਲਾਜ਼ਾ (ਪਟਿਆਲਾ) ਅਤੇ ਮਗਰੋਂ ਰਾਜਪੁਰਾ-ਨਲਾਸ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ’ਤੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਠੇਕੇ ਦਾ ਕਰਿੰਦਾ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਘੰਟੇ ਵਿੱਚ ਵਾਪਰੀਆਂ ਇਨ੍ਹਾਂ ਦੋ ਘਟਨਾਵਾਂ ਨੂੰ ਪੁਲੀਸ ਨੇ ਗਭੀਰਤਾ ਨਾਲ ਲੈਂਦਿਆਂ ਰਾਜਪੁਰਾ ਦੇ ਡੀਐੱਸਪੀ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਆਰੰਭੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਇਨ੍ਹਾਂ ਦੀਆਂ ਬਨੂੜ ਨੇੜੇ ਸ਼ੱਕੀ ਕਾਰਵਾਈਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਡੀਐੱਸਪੀ ਬਰਾੜ ਦੀ ਅਗਵਾਈ ਹੇਠ ਬਨੂੜ ਅਤੇ ਰਾਜਪੁਰਾ ਪੁਲੀਸ ਮੁਸਤੈਦ ਹੋ ਗਈ। ਜਦੋਂ ਪੁਲੀਸ ਟੀਮਾਂ ਬਨੂੜ ਤੋਂ ਪਿੰਡ ਕਲੌਲੀ ਵੱਲ ਜਾ ਰਹੀਆਂ ਸਨ ਤਾਂ ਉਨ੍ਹਾਂ ਸਾਹਮਣਿਓਂ ਆਉਂਦੀ ਸ਼ੱਕੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੈਂਗਸਟਰਾਂ ਨੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਅਤੇ ਕਾਰ ਨੂੰ ਘੇਰਾ ਪਾ ਲਿਆ। ਵਾਹ ਨਾ ਚੱਲਦੀ ਦੇਖ ਕਾਰ ’ਚ ਬੈਠੇ ਦੋਵੇਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇੱਕ ਨੌਜਵਾਨ ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਦੂਜਾ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ।
ਮੁਲਜ਼ਮਾਂ ਦੇ ਸਾਥੀਆਂ ਬਾਰੇ ਕੀਤੀ ਜਾਵੇਗੀ ਪੁੱਛ-ਪੜਤਾਲ
ਪਟਿਆਲਾ ਦੇ ਐੱਸਪੀ (ਡੀ) ਯੋਗੇਸ਼ ਸ਼ਰਮਾ ਅਤੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੇ ਪਿਛੋਕੜ ਅਤੇ ਇਨ੍ਹਾਂ ਦੇ ਸਾਥੀਆਂ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਬਨੂੜ ਦੇ ਐੱਸਐੱਚਓ ਗੁਰਸੇਵਕ ਸਿੰਘ, ਰਾਜਪੁਰਾ (ਸਦਰ) ਦੇ ਐੱਸਐੱਚਓ ਕਿਰਪਾਲ ਸਿੰਘ ਮੋਹੀ, ਐੱਸਐੱਚਓ (ਸ਼ਹਿਰੀ) ਰਾਜਪੁਰਾ ਅਮਨਪ੍ਰੀਤ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।