ਜਲੰਧਰ ਦੇ ਮੈਰੀਟੋਰੀਅਸ ਸਕੂਲ ਦੀਆਂ ਦੋ ਵਿਦਿਆਰਥਣਾਂ ਲਾਪਤਾ
ਪੱਤਰ ਪ੍ਰੇਰਕ
ਜਲੰਧਰ, 3 ਸਤੰਬਰ
ਕਪੂਰਥਲਾ ਰੋਡ ’ਤੇ ਸਪੋਰਟਸ ਕਾਲਜ ਨੇੜੇ ਮੈਰੀਟੋਰੀਅਸ ਸਕੂਲ ਦੀਆਂ 11ਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਸੋਮਵਾਰ ਨੂੰ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈਆਂ। ਇਸ ਸਬੰਧੀ ਪੁਲੀਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਲੜਕੀਆਂ ਸੋਮਵਾਰ ਨੂੰ ਆਮ ਵਾਂਗ ਸਕੂਲ ਗਈਆਂ ਸਨ ਅਤੇ ਕਲਾਸਾਂ ਖਤਮ ਹੋਣ ਤੋਂ ਬਾਅਦ ਬਾਹਰ ਗਈਆਂ ਸਨ। ਸ਼ਾਮ ਤੱਕ ਲੜਕੀਆਂ ਜਦੋਂ ਸਕੂਲ ਦੇ ਹੋਸਟਲ ਵਿੱਚ ਵਾਪਸ ਨਹੀਂ ਆਈਆਂ ਤਾਂ ਵਾਰਡਨ ਨੇ ਸਕੂਲ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਬਾਰੇ ਸੂਚਿਤ ਕੀਤਾ। ਦੋਵੇਂ ਲੜਕੀਆਂ ਬਠਿੰਡਾ ਦੀਆਂ ਰਹਿਣ ਵਾਲੀਆਂ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੀ ਸੂਚਨਾ ਦੇ ਦਿੱਤੀ ਗਈ ਹੈ। ਮਾਪਿਆਂ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕੀਤੀ ਗਈ ਹੈ।
ਬਸਤੀ ਬਾਵਾ ਖੇਲ ਥਾਣੇ ਦੇ ਐੱਸਐੱਚਓ ਵਿਕਟਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਨੇ ਸਕੂਲ ਦੇ ਨੇੜੇ ਲੜਕੀਆਂ ਦੀਆਂ ਤਸਵੀਰਾਂ ਹਾਸਲ ਕੀਤੀਆਂ, ਪਰ ਬਾਅਦ ਵਿੱਚ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਵਾਧੂ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰਕੇ ਲੜਕੀਆਂ ਦੇ ਰਸਤੇ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਲਾਮਬੰਦ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਲੜਕੀਆਂ ਕੋਲ ਮੋਬਾਈਲ ਫੋਨ ਨਹੀਂ ਸਨ, ਇਸ ਲਈ ਕੋਈ ਕਾਲ ਰਿਕਾਰਡ ਉਪਲਬਧ ਨਹੀਂ ਹੈ ਜਿਸ ਰਾਹੀਂ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਆਖਰੀ ਵਾਰ ਕਿਸ ਨਾਲ ਗੱਲ ਕੀਤੀ ਸੀ। ਗੁਆਂਢੀ ਪੁਲੀਸ ਸਟੇਸ਼ਨਾਂ ਦੇ ਨਾਲ-ਨਾਲ ਨੇੜਲੇ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੇ ਕਰਮਚਾਰੀਆਂ ਨੂੰ ਲਾਪਤਾ ਵਿਦਿਆਰਥੀਆਂ ਨੂੰ ਲੱਭਣ ਲਈ ਸੁਚੇਤ ਕੀਤਾ ਹੈ।