ਰਾਹ ਅਤੇ ਪੁਲੀ ਕਢਵਾਉਣ ਲਈ ਦੋ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ
ਬਣਾਂਵਾਲਾ ਥਰਮਲ ਪਲਾਂਟ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਗਸਤ
ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰੇਲਵੇ ਟਰੈਕ ’ਤੇ ਕਿਸਾਨਾਂ ਦੇ ਖੇਤਾਂ ਲਈ ਰਸਤਾ ਅਤੇ ਪੁਲੀ ਦੇ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਤਾਪਘਰ ਘਰ ਅੱਗੇ ਧਰਨੇ ਵਿੱਚ ਤਬਦੀਲ ਹੋ ਗਿਆ। ਤਾਪਘਰ ਦਾ ਮੁੱਖ ਗੇਟ ਰੁਲਦੂ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਿਸਾਨ ਯੂਨੀਅਨ ਨੇ ਧਰਨਾ ਲਾ ਕੇ ਰੋਕ ਲਿਆ, ਜੋ ਕਿਸਾਨਾਂ ਲਈ ਰਸਤੇ ਬਣਾਉਣ ਦੀ ਮੰਗ ਉਤੇ ਅੜੇ ਹੋਏ ਸਨ, ਜਦੋਂ ਕਿ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਤਾਪਘਰ ਦੇ ਦੂਜੇ ਗੇਟ ਅੱਗੇ ਧਰਨਾ ਲਾ ਦਿੱਤਾ, ਜੋ ਰੇਲਵੇ ਲਾਈਨ ਦੇ ਹੇਠੋਂ ਦੀ ਨਹਿਰੀ ਪਾਣੀ ਵਾਲੀ ਪੁਲੀ ਲੰਘਾਉਣ ਲਈ ਡਟੇ ਹੋਏ ਸਨ। ਬੇਸ਼ੱਕ ਦੋਵੇਂ ਕਿਸਾਨੀ ਧਿਰਾਂ ਆਪੋ-ਆਪਣੀ ਮੰਗ ’ਤੇ ਅੜੀਆਂ ਹੋਈਆਂ ਸਨ, ਪਰ ਇਨ੍ਹਾਂ ਵਿਚਾਲੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਤਾਪਘਰ ਦੇ ਅਧਿਕਾਰੀ ਬੇਬੱਸ ਨਜ਼ਰ ਆ ਰਹੇ ਸਨ। ਇਹ ਮਾਮਲਾ ਪਿੰਡ ਅਸਪਾਲ ਕੋਠੇ ਦੇ ਦੋ ਕਿਸਾਨ ਧਿਰਾਂ ਵਿਚਕਾਰ ਕਈ ਦਿਨਾਂ ਤੋਂ ਉਲਝਿਆ ਹੋਇਆ ਹੈ, ਜੋ ਅਜੇ ਤੱਕ ਨਹੀਂ ਸੁਲਝਿਆ।
ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਗੁਰਜੰਟ ਸਿੰਘ ਮਾਨਸਾ ਦੀ ਅਗਵਾਈ ਹੇਠ ਬਣਾਂਵਾਲਾ ਤਾਪਘਰ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਤਾਪਘਰ ਅਧਿਕਾਰੀ ਕਿਸਾਨਾਂ ਦਾ ਆਪਸੀ ਟਕਰਾਅ ਕਰਵਾ ਕੇ ਰੇਲਵੇ ਲਾਈਨ ਨੇੜੇ ਬਚੀ ਕਿਸਾਨਾਂ ਦੀ ਹੋਰ ਜ਼ਮੀਨ ਨੂੰ ਐਕੁਆਇਰ ਕਰਨੀ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜੇ ਪ੍ਰਸ਼ਾਸਨ ਨੇ ਦਖ਼ਲ-ਅੰਦਾਜ਼ੀ ਕਰਕੇ ਮਸਲੇ ਦਾ ਢੁੱਕਵਾਂ ਹੱਲ ਨਾ ਕਰਵਾਇਆ ਤਾਂ ਅੰਦੋਲਨ ਦਿਨ-ਰਾਤ ਆਰੰਭ ਹੋ ਜਾਵੇਗਾ।
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਦਖ਼ਲਅੰਦਾਜ਼ੀ ਕਰਦਿਆਂ ਤਾਪਘਰ ਵੱਲੋਂ ਖੇਤਾਂ ਨੂੰ ਰਾਹ ਦੇਣ ਲਈ ਜੇਸੀਬੀ ਭੇਜ ਦਿੱਤੀ ਅਤੇ ਪਾਣੀ ਲੰਘਾਉਣ ਵਾਲੀ ਪੁਲੀ ਛੇ ਮਹੀਨਿਆਂ ਅੰਦਰ ਬਣਾ ਕੇ ਦੇਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਪੰਜਾਬ ਕਿਸਾਨ ਯੂਨੀਅਨ ਦੇ ਧਰਨੇ ਦੌਰਾਨ ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਨਰਿੰਦਰ ਕੌਰ ਬੁਰਜ ਹਮੀਰਾ, ਪੰਜਾਬ ਸਿੰਘ ਅਕਲੀਆ, ਗੁਰਤੇਜ਼ ਸਿੰਘ ਵਰ੍ਹੇ, ਹਰਜਿੰਦਰ ਮਾਨਸ਼ਾਹੀਆ ਨੇ ਵੀ ਸੰਬੋਧਨ ਕੀਤਾ।
ਉਧਰ, ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਜਾਣ ਲਈ ਪਾਈਪ ਪਾਉਣੀ ਜ਼ਰੂਰੀ ਹੈ, ਜਿਸ ਦਾ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨੇ ਨੂੰ ਇੱਕ ਵਾਰ ਸਮਾਪਤ ਕਰਨ ਦਾ ਫੈਸਲਾ ਲਿਆ ਹੈ। ਇਸ ਮਗਰੋਂ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਤਾਪਘਰ ਦੇ ਪ੍ਰਬੰਧਕ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਐਲਾਨ
ਇਸੇ ਦੌਰਾਨ ਤਾਪਘਰ ਦੇ ਇੱਕ ਪ੍ਰਬੰਧਕ ਨੇ ਕਿਹਾ ਕਿ ਉਹ ਪ੍ਰਸ਼ਾਸਨ ਸਣੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆ ਰਹੇ ਹਨ ਅਤੇ ਕਿਸਾਨਾਂ ਦੇ ਹਿੱਤਾਂ ਸਣੇ ਫ਼ਸਲਾਂ ਦੇ ਵੱਧ ਝਾੜ ਲਈ ਹਰ ਤਰ੍ਹਾਂ ਦੀ ਰਾਖੀ ਕਰਨ ਦਾ ਯਕੀਨ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਸਹਾਇਤਾ ਮੰਗੀ ਜਾਵੇਗੀ, ਉਹ ਦੇਣ ਲਈ ਹਮੇਸ਼ਾ ਦੀ ਤਰ੍ਹਾਂ ਤਿਆਰ-ਬਰ-ਤਿਆਰ ਰਹਿਣਗੇ।ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਮਸਲੇ ਦਾ ਹੱਲ ਜਲਦੀ ਹੋਵੇ।