For the best experience, open
https://m.punjabitribuneonline.com
on your mobile browser.
Advertisement

ਰਾਹ ਅਤੇ ਪੁਲੀ ਕਢਵਾਉਣ ਲਈ ਦੋ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ

10:33 AM Aug 11, 2024 IST
ਰਾਹ ਅਤੇ ਪੁਲੀ ਕਢਵਾਉਣ ਲਈ ਦੋ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ
ਬਣਾਂਵਾਲਾ ਤਾਪਘਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਕਾਰਕੁਨ।-ਫੋਟੋ:ਮਾਨ
Advertisement

ਬਣਾਂਵਾਲਾ ਥਰਮਲ ਪਲਾਂਟ

ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਗਸਤ
ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰੇਲਵੇ ਟਰੈਕ ’ਤੇ ਕਿਸਾਨਾਂ ਦੇ ਖੇਤਾਂ ਲਈ ਰਸਤਾ ਅਤੇ ਪੁਲੀ ਦੇ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਤਾਪਘਰ ਘਰ ਅੱਗੇ ਧਰਨੇ ਵਿੱਚ ਤਬਦੀਲ ਹੋ ਗਿਆ। ਤਾਪਘਰ ਦਾ ਮੁੱਖ ਗੇਟ ਰੁਲਦੂ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਿਸਾਨ ਯੂਨੀਅਨ ਨੇ ਧਰਨਾ ਲਾ ਕੇ ਰੋਕ ਲਿਆ, ਜੋ ਕਿਸਾਨਾਂ ਲਈ ਰਸਤੇ ਬਣਾਉਣ ਦੀ ਮੰਗ ਉਤੇ ਅੜੇ ਹੋਏ ਸਨ, ਜਦੋਂ ਕਿ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਤਾਪਘਰ ਦੇ ਦੂਜੇ ਗੇਟ ਅੱਗੇ ਧਰਨਾ ਲਾ ਦਿੱਤਾ, ਜੋ ਰੇਲਵੇ ਲਾਈਨ ਦੇ ਹੇਠੋਂ ਦੀ ਨਹਿਰੀ ਪਾਣੀ ਵਾਲੀ ਪੁਲੀ ਲੰਘਾਉਣ ਲਈ ਡਟੇ ਹੋਏ ਸਨ। ਬੇਸ਼ੱਕ ਦੋਵੇਂ ਕਿਸਾਨੀ ਧਿਰਾਂ ਆਪੋ-ਆਪਣੀ ਮੰਗ ’ਤੇ ਅੜੀਆਂ ਹੋਈਆਂ ਸਨ, ਪਰ ਇਨ੍ਹਾਂ ਵਿਚਾਲੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਤਾਪਘਰ ਦੇ ਅਧਿਕਾਰੀ ਬੇਬੱਸ ਨਜ਼ਰ ਆ ਰਹੇ ਸਨ। ਇਹ ਮਾਮਲਾ ਪਿੰਡ ਅਸਪਾਲ ਕੋਠੇ ਦੇ ਦੋ ਕਿਸਾਨ ਧਿਰਾਂ ਵਿਚਕਾਰ ਕਈ ਦਿਨਾਂ ਤੋਂ ਉਲਝਿਆ ਹੋਇਆ ਹੈ, ਜੋ ਅਜੇ ਤੱਕ ਨਹੀਂ ਸੁਲਝਿਆ।
ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਗੁਰਜੰਟ ਸਿੰਘ ਮਾਨਸਾ ਦੀ ਅਗਵਾਈ ਹੇਠ ਬਣਾਂਵਾਲਾ ਤਾਪਘਰ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਤਾਪਘਰ ਅਧਿਕਾਰੀ ਕਿਸਾਨਾਂ ਦਾ ਆਪਸੀ ਟਕਰਾਅ ਕਰਵਾ ਕੇ ਰੇਲਵੇ ਲਾਈਨ ਨੇੜੇ ਬਚੀ ਕਿਸਾਨਾਂ ਦੀ ਹੋਰ ਜ਼ਮੀਨ ਨੂੰ ਐਕੁਆਇਰ ਕਰਨੀ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜੇ ਪ੍ਰਸ਼ਾਸਨ ਨੇ ਦਖ਼ਲ-ਅੰਦਾਜ਼ੀ ਕਰਕੇ ਮਸਲੇ ਦਾ ਢੁੱਕਵਾਂ ਹੱਲ ਨਾ ਕਰਵਾਇਆ ਤਾਂ ਅੰਦੋਲਨ ਦਿਨ-ਰਾਤ ਆਰੰਭ ਹੋ ਜਾਵੇਗਾ।
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਦਖ਼ਲਅੰਦਾਜ਼ੀ ਕਰਦਿਆਂ ਤਾਪਘਰ ਵੱਲੋਂ ਖੇਤਾਂ ਨੂੰ ਰਾਹ ਦੇਣ ਲਈ ਜੇਸੀਬੀ ਭੇਜ ਦਿੱਤੀ ਅਤੇ ਪਾਣੀ ਲੰਘਾਉਣ ਵਾਲੀ ਪੁਲੀ ਛੇ ਮਹੀਨਿਆਂ ਅੰਦਰ ਬਣਾ ਕੇ ਦੇਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਪੰਜਾਬ ਕਿਸਾਨ ਯੂਨੀਅਨ ਦੇ ਧਰਨੇ ਦੌਰਾਨ ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਨਰਿੰਦਰ ਕੌਰ ਬੁਰਜ ਹਮੀਰਾ, ਪੰਜਾਬ ਸਿੰਘ ਅਕਲੀਆ, ਗੁਰਤੇਜ਼ ਸਿੰਘ ਵਰ੍ਹੇ, ਹਰਜਿੰਦਰ ਮਾਨਸ਼ਾਹੀਆ ਨੇ ਵੀ ਸੰਬੋਧਨ ਕੀਤਾ।
ਉਧਰ, ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਜਾਣ ਲਈ ਪਾਈਪ ਪਾਉਣੀ ਜ਼ਰੂਰੀ ਹੈ, ਜਿਸ ਦਾ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨੇ ਨੂੰ ਇੱਕ ਵਾਰ ਸਮਾਪਤ ਕਰਨ ਦਾ ਫੈਸਲਾ ਲਿਆ ਹੈ। ਇਸ ਮਗਰੋਂ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ।

Advertisement

ਤਾਪਘਰ ਦੇ ਪ੍ਰਬੰਧਕ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਐਲਾਨ

ਇਸੇ ਦੌਰਾਨ ਤਾਪਘਰ ਦੇ ਇੱਕ ਪ੍ਰਬੰਧਕ ਨੇ ਕਿਹਾ ਕਿ ਉਹ ਪ੍ਰਸ਼ਾਸਨ ਸਣੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆ ਰਹੇ ਹਨ ਅਤੇ ਕਿਸਾਨਾਂ ਦੇ ਹਿੱਤਾਂ ਸਣੇ ਫ਼ਸਲਾਂ ਦੇ ਵੱਧ ਝਾੜ ਲਈ ਹਰ ਤਰ੍ਹਾਂ ਦੀ ਰਾਖੀ ਕਰਨ ਦਾ ਯਕੀਨ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਸਹਾਇਤਾ ਮੰਗੀ ਜਾਵੇਗੀ, ਉਹ ਦੇਣ ਲਈ ਹਮੇਸ਼ਾ ਦੀ ਤਰ੍ਹਾਂ ਤਿਆਰ-ਬਰ-ਤਿਆਰ ਰਹਿਣਗੇ।ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਨੇ ਮਸਲੇ ਦਾ ਹੱਲ ਜਲਦੀ ਹੋਵੇ।

Advertisement

Advertisement
Author Image

Advertisement