ਸਕਾਰਪੀਓ ਦੀ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ
ਕਰਮਜੀਤ ਸਿੰਘ ਚਿੱਲਾ
ਬਨੂੜ, 30 ਨਵੰਬਰ
ਇੱਥੇ ਬਨੂੜ-ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਕਰਾਲਾ ਨੇੜੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਐਕਟਿਵਾ ਸਵਾਰ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਭਜਨ ਸਿੰਘ (69) ਪੁੱਤਰ ਫੁੱਮਣ ਸਿੰਘ ਅਤੇ ਹਰਦਮ ਸਿੰਘ (68) ਪੁੱਤਰ ਰਾਮ ਸਿੰਘ ਵਜੋਂ ਹੋਈ ਹੈ। ਦੋਵੇਂ ਪਿੰਡ ਸ਼ੰਭੂ ਕਲਾਂ ਦੇ ਵਸਨੀਕ ਸਨ। ਹਰਭਜਨ ਸਿੰਘ ਪਾਵਰਕੌਮ ਦਾ ਸੇਵਾਮੁਕਤ ਮੁਲਾਜ਼ਮ ਸੀ, ਜਦੋਂਕਿ ਹਰਦਮ ਸਿੰਘ ਲੱਕੜ ਦੇ ਆਰੇ ’ਤੇ ਫੋਰਮੈਨ ਸੀ। ਥਾਣਾ ਬਨੂੜ ਦੇ ਏਐੱਸਆਈ ਅਤੇ ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਐਕਟਿਵਾ ਸਕੂਟਰ ’ਤੇ ਆਪਣੇ ਪਿੰਡ ਸ਼ੰਭੂ ਕਲਾਂ ਤੋਂ ਬਨੂੜ ਰਾਹੀਂ ਹੁੰਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਕਰਾਲਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਕਾਰਪੀਓ ਦੀ ਟੱਕਰ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਬਨੂੜ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹਰਭਜਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਹਰਦਮ ਸਿੰਘ ਨੇ ਬਨੂੜ ਤੋਂ ਚੰਡੀਗੜ੍ਹ ਲਈ ਲਿਜਾਂਦੇ ਸਮੇਂ ਰਾਹ ਵਿੱੱਚ ਦਮ ਤੋੜ ਦਿੱਤਾ।