For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਵਿੱਚ ਇਮਾਰਤ ਡਿੱਗਣ ਕਾਰਨ ਦੋ ਦੀ ਮੌਤ

07:43 AM Mar 22, 2024 IST
ਕੌਮੀ ਰਾਜਧਾਨੀ ਵਿੱਚ ਇਮਾਰਤ ਡਿੱਗਣ ਕਾਰਨ ਦੋ ਦੀ ਮੌਤ
ਢਹਿ-ਢੇਰੀ ਹੋਈ ਇਮਾਰਤ ’ਚ ਬਚਾਅ ਕਾਰਜਾਂ ’ਚ ਜੁਟੀ ਐੱਨਡੀਆਰਐੱਫ ਦੀ ਟੀਮ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਮਾਰਚ
ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਖੇਤਰ ਵਿੱਚ ਅੱਜ ਸਵੱਖਤੇ ਇੱਕ ਇਮਾਰਤ ਡਿੱਗਣ ਕਾਰਨ ਜੀਨ ਬਣਾਉਣ ਵਾਲੀ ਫੈਕਟਰੀ ਦੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਦਿੱਲੀ ਪੁਲੀਸ ਨੇ ਦੱਸਿਆ ਕਿ ਜੀਨਸ ਫੈਕਟਰੀ ਦੇ ਤਿੰਨੋਂ ਕਰਮਚਾਰੀ ਦੋ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਕੰਮ ਕਰ ਰਹੇ ਸਨ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ-ਪੂਰਬ) ਜੋਏ ਟਿਰਕੀ ਨੇ ਕਿਹਾ ਕਿ ਤੜਕੇ 2.16 ਵਜੇ ਇੱਕ ਦੋ ਮੰਜ਼ਿਲਾ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਹੈ। ਇਹ ਇੱਕ ਪੁਰਾਣੀ ਇਮਾਰਤ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ਖਾਲੀ ਸੀ ਤੇ ਜ਼ਮੀਨੀ ਮੰਜ਼ਿਲ ਵਿੱਚ ਜੀਨਸ ਦਾ ਕੱਪੜਾ ਕੱਟਣ ਦਾ ਕੰਮ ਹੁੰਦਾ ਸੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਲਬੇ ਹੇਠ ਫਸੇ ਤਿੰਨ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਅਰਸ਼ਦ (30) ਅਤੇ ਤੌਹੀਦ (20) ਵਜੋਂ ਹੋਈ ਹੈ। ਇੱਕ ਹੋਰ ਜ਼ਖ਼ਮੀ ਰੇਹਾਨ (22) ਦਾ ਜੀਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਗੀਤਾ ਕਲੋਨੀ ਦੇ ਸਟੇਸ਼ਨ ਅਧਿਕਾਰੀ ਅਨੂਪ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਬਚਾਅ ਕਾਰਜ ਲਈ ਤਾਇਨਾਤ ਕੀਤੀਆਂ ਗਈਆਂ ਤੇ ਮਲਬਾ ਹਟਾਇਆ ਗਿਆ।
ਬਚਾਅ ਟੀਮ ਨੇ ਦੱਸਿਆ ਕਿ ਇੱਕ ਇਮਾਰਤ ਢਹਿ ਗਈ ਹੈ ਅਤੇ ਕੁਝ ਲੋਕ ਫਸੇ ਹੋਏ ਹਨ। ਤਿੰਨ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਦੀ ਪਛਾਣ ਸ਼ਾਹਿਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭਾਲ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਕਬੀਰ ਨਗਰ ਦੇ ਸਥਾਨਕ ਕੌਂਸਲਰ ਹਾਜੀ ਜ਼ਰੀਫ ਨੇ ਦੱਸਿਆ ਕਿ ਉਹ ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੇ। ਸ੍ਰੀ ਜ਼ਰੀਫ ਨੇ ਕਿਹਾ ਕਿ ਅੱਗ ਬੁਝਾਊ ਦਸਤੇ ਅਤੇ ਦਿੱਲੀ ਪੁਲੀਸ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਬਚਾਅ ਕਾਰਜ ਸ਼ੁਰੂ ਕੀਤੇ।
ਘਟਨਾ ਵਾਲੀ ਥਾਂ ਨੇੜੇ ਰਹਿੰਦੇ ਏਆਈਐੱਮਆਈਐੱਮ ਦੇ ਨੇਤਾ ਸ਼ੋਏਬ ਜਮੁਈ ਨੇ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਉਸ ਨੇ ਮੰਗ ਕੀਤੀ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

Advertisement

Advertisement
Author Image

Advertisement
Advertisement
×