ਸੜਕ ਹਾਦਸਿਆਂ ਵਿੱਚ ਔਰਤ ਸਣੇ ਦੋ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਮਈ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਣੇ ਦੋ ਜਣਿਆਂ ਦੀ ਮੌਤ ਹੋ ਗਈ ਹੈ। ਔਰਤ ਸਵੇਰ ਸਮੇਂ ਸੜਕ ਕਿਨਾਰੇ ਸੈਰ ਕਰ ਰਹੀ ਸੀ।
ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੂੰ ਹਰਗੋਬਿੰਦ ਨਗਰ ਸਮਰਾਲਾ ਕਲੋਨੀ ਵਾਸੀ ਸ਼ਸ਼ੀ ਕਾਂਤ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਸਵੀਟੀ ਅਰੋੜਾ (33) ਸਵੇਰੇ ਨੇੜੇ ਸੂਫ਼ੀਆਂ ਚੌਕ ਯੂਨੀਵਰਸਲ ਜਿਮ ਦੇ ਬਾਹਰ ਸੈਰ ਕਰ ਰਹੀ ਸੀ। ਇਸ ਦੌਰਾਨ ਅਜਮੇਰ ਸਿੰਘ ਵਾਸੀ ਅੰਮ੍ਰਿਤਸਰ ਨੇ ਆਪਣੀ ਗੱਡੀ ਨਾਲ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਗੱਡੀ ਉਸ ਉੱਪਰੋਂ ਲੰਘਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਸਮਰਜੀਤ ਯਾਦਵ ਨੇ ਦੱਸਿਆ ਕਿ ਰਵੀ ਨਾਮ ਦਾ ਲੜਕਾ ਅਕਸਰ ਹੀ ਢਾਬੇ ਤੋਂ ਰੋਟੀ ਖਾ ਕੇ ਸੈਂਡ ਨੰਬਰ-2 ਦੇ ਕੋਲ ਜ਼ਮੀਨ ’ਤੇ ਕੱਪੜਾ ਵਿਛਾ ਕੇ ਸੌਂਦਾ ਸੀ। ਰਾਤ ਨੂੰ ਇੱਕ ਟਰੱਕ ਚਾਲਕ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਨਾਲ ਚਲਾ ਕੇ ਰਵੀ ਉਪਰ ਚੜ੍ਹਾ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।