ਜਰਮਨੀ ’ਚ ਦੋ ਰੋਜ਼ਾ ਯੂਕਰੇਨ ਰਿਕਵਰੀ ਕਾਨਫਰੰਸ ਸ਼ੁਰੂ
ਬਰਲਿਨ, 11 ਜੂਨ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਆਪਣੇ ਦੇਸ਼ ਦੇ ਬਿਜਲੀ ਨੈਟਵਰਕ ਦੀ ਮੁਰੰਮਤ ਲਈ ਮਦਦ ਦੀ ਅਪੀਲ ਕੀਤੀ ਹੈ। ਰੂਸ ਨਾਲ ਜਾਰੀ ਜੰਗ ਦੇ ਝੰਬੇ ਯੂਕਰੇਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਹਮਾਇਤ ਜੁਟਾਉਣ ਵਾਸਤੇ ਅੱਜ ਤੋਂ ਬਰਲਿਨ ਵਿਚ ਦੋ ਰੋਜ਼ਾ ਯੂਕਰੇਨ ਰਿਕਵਰੀ ਕਾਨਫਰੰਸ ਸ਼ੁਰੂ ਹੋ ਗਈ। ਕਾਨਫਰੰਸ ਦੌਰਾਨ ਯੂੂਕਰੇਨੀ ਸਦਰ ਨੇ ਦੇਸ਼ ਦੇ ਊਰਜਾ ਪ੍ਰਬੰਧ ਵਿਚ ਲੰਮੇ ਸਮੇਂ ਦੇ ਨਿਵੇਸ਼ ਦੀ ਵੀ ਮੰਗ ਕੀਤੀ ਹੈ। ਰੁਝੇਵਿਆਂ ਭਰਪੂਰ ਅਗਲੇ ਇਕ ਹਫ਼ਤੇ ਦੌਰਾਨ ਜ਼ੈਲੇਂਸਕੀ ਇਟਲੀ ਵਿਚ ਆਪਣੇ ਪੱਛਮੀ ਭਾਈਵਾਲਾਂ ਦੇ ਮੋਹਰੀ ਗਰੁੱਪ ਜੀ-7 ਨੂੰ ਮਿਲਣ ਤੋਂ ਇਲਾਵਾ ਸਵਿਟਜ਼ਰਲੈਂਡ ਵਿਚ ਆਲਮੀ ਸ਼ਾਂਤੀ ਸੰਮੇਲਨ ਵਿਚ ਵੀ ਸ਼ਿਰਕਤ ਕਰਨਗੇ। ਰੂਸੀ ਫੌਜਾਂ ਵੱਲੋਂ ਕੀਤੇ ਮਿਜ਼ਾਈਲ ਹਮਲਿਆਂ ਦੌਰਾਨ ਯੂਕਰੇਨੀ ਰਾਸ਼ਟਰਪਤੀ ਵੱਲੋਂ ਲਗਾਤਾਰ ਮਦਦ ਦੀ ਦੁਹਾਈ ਪਾਈ ਜਾ ਰਹੀ ਹੈ। ਜਰਮਨੀ ਵਿਚ ਹੋ ਰਹੀ ਇਸ ਦੋ ਰੋਜ਼ਾ ਕਾਨਫਰੰਸ ਵਿਚ ਕੌਮੀ ਤੇ ਸਥਾਨਕ ਸਿਆਸਤ, ਕਾਰੋਬਾਰ ਤੇ ਹੋਰਨਾਂ ਖੇਤਰਾਂ ਤੋਂ ਕਰੀਬ 2000 ਲੋਕ ਸ਼ਾਮਲ ਹੋਣਗੇ। ਕਾਨਫਰੰਸ ਦੇ ਜਰਮਨ ਮੇਜ਼ਬਾਨਾਂ ਦਾ ਮੰਨਣਾ ਹੈ ਕਿ ਯੂਕਰੇਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਹਮਾਇਤ ਦੇਣ ਦਾ ਕੰਮ ਇਕੱਲਿਆਂ ਸਰਕਾਰਾਂ ਲਈ ਬਹੁਤ ਵੱਡਾ ਕੰਮ ਹੈ। ਯੂਕਰੇਨ ਨੂੰ ਇਸ ਵੇਲੇ ਕਈ ਮੁਸ਼ਕਲਾਂ ਦਰਪੇਸ਼ ਹਨ। ਹਾਲੀਆ ਹਫ਼ਤਿਆਂ ਵਿਚ ਰੂਸੀ ਹਮਲਿਆਂ ਦੌਰਾਨ ਯੂਕਰੇਨ ਦਾ ਪਾਵਰ ਗਰਿੱਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਕਰਕੇ ਬਿਜਲੀ ਕੰਪਨੀਆਂ ਨੂੰ ਗਰਿੱਡ ਬੰਦ ਕਰਨੇ ਪਏ ਤੇ ਪੂਰੇ ਦੇਸ਼ ਦੀ ਬੱਤੀ ਗੁੱਲ ਹੈ। ਜ਼ੈਲੇਂਸਕੀ ਨੇ ਕਾਨਫਰੰਸ ਨੂੰ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿਚ ਯੂਕਰੇਨ ਨੂੰ ਹੀਟਿੰਗ ਤੇ ਬਿਜਲੀ ਪਲਾਂਟਾਂ ਲਈ ਸਾਜ਼ੋ-ਸਾਮਾਨ ਦੀ ਲੋੜ ਹੈ, ਜੋ ਇਸ ਵੇਲੇ ਬੰਦ ਪਏ ਹਨ। ਰਾਸ਼ਟਰਪਤੀ ਮੁਤਾਬਕ ਰੂਸੀ ਹਮਲਿਆਂ ਵਿਚ 9 ਗੀਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਨੂੰ ਨੁਕਸਾਨ ਪੁੱਜਾ ਹੈ। -ਏਪੀ