ਡੀਏਵੀ ਸਕੂਲ ਵਿੱਚ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਕਤੂਬਰ
ਡੀਏਵੀ ਸੈਨੇਟਰੀ ਪਬਲਿਕ ਸਕੂਲ ਵਿੱਚ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ ਦੀ ਅਗਵਾਈ ਹੇਠ ਅਤੇ ਖੇਤਰੀ ਅਫਸਰ ਸੁਮਨ ਨਿਝਾਵਨ ਤੇ ਕਲਸਟਰ ਹੈੱਡ ਗੀਤਿਕਾ ਡਿਸੂਜ਼ਾ ਦੇ ਸਹਿਯੋਗ ਨਾਲ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੇ ਪਹਿਲੇ ਦਿਨ ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਤੇ ਸਕੂਲ ਅਧਿਆਪਕਾਵਾਂ ਨੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮਗਰੋਂ ਡੀਏਵੀ ਗਾਨ ਨਾਲ ਵਰਕਸ਼ਾਪ ਦੀ ਸ਼ੁਰੂਆਤ ਹੋਈ। ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਇਸ ਕਾਰਜਸ਼ਾਲਾ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਯੋਗ ਅਧਿਆਪਕ ਦੇ ਹੱਥਾਂ ਵਿਚ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਅਧਿਆਪਕ ਨੂੰ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਸਮਝਦਾਰ ਬਣਾਉਂਦੇ ਹੋਏ ਵਿਕਾਸ ਕਰਨਾ ਹੁੰਦਾ ਹੈ। ਇਸ ਲਈ ਅਧਿਆਪਕਾਂ ਲਈ ਸਮੇਂ ਸਮੇਂ ’ਤੇ ਸਿਖਲਾਈ ਜ਼ਰੂਰੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਬਹੁਤ ਹੀ ਕਾਰਗਾਰ ਸਿੱਧ ਹੁੰਦੀਆਂ ਹਨ ਤੇ ਬੱਚਿਆਂ ਦਾ ਭਵਿੱਖ ਬਿਹਤਰ ਬਣਦਾ ਹੈ। ਇਸ ਮੌਕੇ ਖੇਤਰੀ ਨਿਰਦੇਸ਼ਕ ਸੁਮਨ ਨਿਝਾਵਨ, ਪ੍ਰਿੰਸੀਪਲ ਕੰਵਲ ਗਾਬਾ, ਜੀਵਨ ਸ਼ਰਮਾ, ਸੰਜੇ ਕੁਮਾਰ, ਨਿਸ਼ਾਂਤ, ਮਨੀਸ਼ਾ ਲਾਂਬਾ ਤੇ ਮੋਨਿਕਾ ਭਾਟੀਆ ਨੇ ਸਾਰੇ ਵਿਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਧਿਆਪਕਾਵਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਕੀਤਾ। ਇਸ ਮੌਕੇ ਡੀਏਵੀ ਕੁਰੂਕਸ਼ੇਤਰ, ਲੁੱਖੀ, ਇਸਮਾਈਲਾਬਾਦ, ਪਿਹੋਵਾ, ਕਰਨਾਲ, ਨੀਲੋਖੇੜੀ ਤੇ ਸ਼ਾਹਬਾਦ ਦੇ ਲਗਭਗ 240 ਅਧਿਆਪਕਾਂ ਨੇ ਹਿੰਦੀ, ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਗਿਆਨ ’ਚ ਵਾਧਾ ਕੀਤਾ। ਸ਼ਾਂਤੀ ਪਾਠ ਨਾਲ ਕਾਰਜਸ਼ਾਲਾ ਦਾ ਸਮਾਪਤ ਹੋਈ।