For the best experience, open
https://m.punjabitribuneonline.com
on your mobile browser.
Advertisement

ਰਾਜਪੁਰਾ ਦੀ ਅਨਾਜ ਮੰਡੀ ’ਚ ਦੋ-ਰੋਜ਼ਾ ਕਿਸਾਨ ਮੇਲਾ ਸ਼ੁਰੂ

08:37 AM Sep 03, 2024 IST
ਰਾਜਪੁਰਾ ਦੀ ਅਨਾਜ ਮੰਡੀ ’ਚ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ
ਮੇਲੇ ਵਿਚ ਆਧੁਨਿਕ ਖੇਤੀ ਸੰਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ।
Advertisement

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 2 ਸਤੰਬਰ
ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਦੋ-ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ, ਜਿਸ ਵਿੱਚ ਸੈਂਕੜੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਨੇ ਖੇਤੀ ਨਾਲ ਸਬੰਧਤ ਬੀਜਾਂ, ਖੇਤੀ ਸੰਦਾਂ, ਦਵਾਈਆਂ ਦੀ ਨੁਮਾਇਸ਼ ਲਗਾਈ ਹੋਈ ਹੈ। ਮੇਲਾ ਸਵੇਰੇ 8 ਵਜੇ ਸ਼ੁਰੂ ਹੋਇਆ, ਜੋ ਕਿ 11 ਵਜੇ ਤੱਕ ਪੰਡਾਲ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਾ ਰਹੀ। ਇਸ ਮੌਕੇ ਮਹਿਰਾ ਨੇ ਕਿਸਾਨਾਂ ਨਾਲ ਨਵੀਂਆਂ ਖੇਤੀ ਤਕਨੀਕਾਂ ਬਾਰੇ ਚਰਚਾ ਕੀਤੀ। ਕਿਸਾਨ ਮੇਲੇ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਸਮੇਤ ਹੋਰ ‘ਆਪ’ ਆਗੂਆਂ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ਿਰਕਤ ਕੀਤੀ। ਉਨ੍ਹਾਂ ਕੰਪਨੀਆਂ ਵੱਲੋਂ ਖੇਤੀ ਸੰਦਾਂ ਸਬੰਧੀ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੇਖੀਆਂ ਅਤੇ ਖੇਤੀ ਦੀਆਂ ਆਧੁਨਿਕ ਮਸ਼ੀਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਨ੍ਹਾਂ ਮੇਲਿਆਂ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵਿੱਚ ਆਧੁਨਿਕ ਤਰੀਕੇ ਦੀ ਖੇਤੀਬਾੜੀ ਬਾਰੇ ਵਿਚ ਜਾਣਕਾਰੀ ਮਿਲਦੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਇਹ ਚੌਥਾ ਕਿਸਾਨ ਮੇਲਾ ਲਗਾਇਆ ਗਿਆ ਹੈ, ਜੋ ਕਿ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਵਿਰਾਸਤੀ ਵਸਤਾਂ, ਪੇਂਟਿੰਗ ਹਸਤ ਕਲਾ ਦੀਆਂ ਕਲਾ ਕ੍ਰਿਤੀਆਂ, ਪੁਰਾਤਨ ਸੱਭਿਆਚਾਰ ਦੇ ਰੰਗ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਪੀਏ ਅਮਰਿੰਦਰ ਮੀਰੀ, ਰਮੇਸ਼ ਪਹੂਜਾ, ਲਵਿਸ਼ ਮਿੱਤਲ ਮੌਜੂਦ ਸਨ।

Advertisement

Advertisement
Advertisement
Author Image

Advertisement