ਸਰੀ ’ਚ ਦੋ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸੰਪੰਨ
ਗੁਰਪ੍ਰੀਤ ਸਿੰਘ ਤਲਵੰਡੀ
ਸਰੀ: ਇੱਥੇ ਪੰਜਾਬ ਭਵਨ ਦੀ ਸਾਲਾਨਾ ਵਰ੍ਹੇਗੰਢ ਮੌਕੇ ਕਰਵਾਈ ਗਈ ਦੋ-ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸੰਪੰਨ ਹੋਈ। ਇਸ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਮੌਰ ਰੁਤਬੇ ਨੂੰ ਬਰਕਰਾਰ ਰੱਖਣ, ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਪਾਸੇ ਸਾਰਥਿਕ ਯੋਜਨਾਵਾਂ ਉਲੀਕਣ, ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨਾਲ ਜੁੜੇ ਰਹਿਣ ਸਮੇਤ ਪੂਰਬੀ ਤੇ ਪੱਛਮੀ ਪੰਜਾਬ ਦੀ ਆਪਸੀ ਸਾਂਝ ਦਾ ਹੋਕਾ ਦਿੱਤਾ ਗਿਆ।
ਇਸ ਦੌਰਾਨ ਵਿਸ਼ਵ ਦੇ ਵੱਖ ਵੱਖ ਮੁਲਕਾਂ ਤੋਂ ਪੰਜਾਬੀ ਵਿਦਵਾਨ ਤੇ ਸਾਹਿਤਕਾਰ ਵੱਡੀ ਗਿਣਤੀ ਵਿੱਚ ਪਹੁੰਚੇ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉੱਪ ਕੁਲਪਤੀ ਡਾ. ਐੱਸ.ਪੀ. ਸਿੰਘ, ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜੀਜ ਉੱਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉੱਪ ਕੁਲਪਤੀ ਡਾ. ਬੀ.ਐੱਸ. ਘੁੰਮਣ, ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਸਾਧੂ ਸਿੰਘ, ਡਾ. ਗੋਪਾਲ ਸਿੰਘ, ਡਾ. ਬਬਨੀਤ ਕੌਰ, ਵਨਿੀਪੈੱਗ ਤੋਂ ਪੰਜਾਬੀ ਅਖ਼ਬਾਰ ‘ਨਵ-ਸਵੇਰ’ ਦੇ ਸੰਪਾਦਕ ਨਵਨੀਤ ਕੌਰ ਅਤੇ ਪੰਜਾਬੀ ਗਾਇਕ ਸਰਬਜੀਤ ਚੀਮਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਦੌਰਾਨ ਪੰਜਾਬ ਤੋਂ ਪੁੱਜੇ ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨੇ ਵੱਖ-ਵੱਖ ਵਿਸ਼ਿਆਂ ’ਤੇ ਪਰਚੇ ਪੜ੍ਹਦਿਆਂ ਪੰਜਾਬੀਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਸੱਦਾ ਦਿੱਤਾ। ਪਾਕਿਸਤਾਨੀ ਸ਼ਾਇਰ ਬਾਬਾ ਨਜਮੀ ਨੇ ਮਾਂ-ਬੋਲੀ ਪੰਜਾਬੀ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹੇ ਸਮਾਗਮ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਕਿਰਤੀਆਂ ਤੇ ਕਾਮਿਆਂ ਦੇ ਹੱਕਾਂ ਲਈ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵਿਤਾਵਾਂ ਦੇ ਦੌਰ ਵਿੱਚ ਪਾਕਿਸਤਾਨ ਤੋਂ ਡਾ. ਤਾਹਿਰਾ, ਗੁਰਤੇਜ ਕੋਹਾਰਵਾਲਾ, ਡਾ. ਕਰਨੈਲ ਸਿੰਘ, ਸੁਖਵਿੰਦਰ ਅੰਮ੍ਰਿਤ, ਡਾ. ਗੁਰਮਿੰਦਰ ਸਿੱਧੂ, ਸੁਰਜੀਤ ਕੌਰ ਟੋਰਾਂਟੋ, ਰਵਿੰਦਰ ਵਹਾਅ, ਇੰਦਰਜੀਤ ਧਾਮੀ ਸਮੇਤ ਹੋਰ ਨਾਮੀ ਸ਼ਖ਼ਸੀਅਤਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੈਨੇਡਾ ਵਿਖੇ ਪੜ੍ਹਾਈ ਲਈ ਪੁੱਜੇ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਲਈ ਸਰਕਾਰ ਪਾਸੋਂ ਕਦਮਾਂ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਪਾਸੋਂ ਵੀ ਸਹਿਯੋਗ ਮੰਗਿਆ। ਬੁਲਾਰਿਆਂ ਨੇ ਪੰਜਾਬੀ ਬੋਲੀ, ਚੇਤਨਤਾ ਅਤੇ ਪਰਵਾਸ ਬਾਰੇ ਬੌਧਿਕਤਾ ਭਰਪੂਰ ਪਰਚੇ ਪੜ੍ਹੇ। ਨਾਟਕਕਾਰ ਡਾ. ਸਾਹਿਬ ਸਿੰਘ ਨੇ ਦੋਵੇਂ ਦਿਨ ਆਪਣਾਂ ਨਾਟਕਾਂ ਦੀ ਸਫਲ ਪੇਸ਼ਕਾਰੀ ਕਰਦਿਆਂ ਸਰੋਤਿਆਂ ਨੂੰ ਭਾਵੁਕ ਕੀਤਾ। ਪੰਜਾਬ ਭਵਨ ਦੀ ਸਮੁੱਚੀ ਟੀਮ ਵੱਲੋਂ ਡਾ. ਸਾਹਿਬ ਸਿੰਘ ਨੂੰ ‘ਅਰਜਨ ਸਿੰਘ ਬਾਠ’ ਯਾਦਗਾਰੀ ਐਵਾਰਡ ਵੀ ਪ੍ਰਦਾਨ ਕੀਤਾ ਗਿਆ। ਕਾਨਫਰੰਸ ਦੇ ਦੋਵੇਂ ਹੀ ਦਿਨ ਪੰਜਾਬੀ ਗਾਇਕ ਸਰਬਜੀਤ ਚੀਮਾ ਵੱਲੋਂ ਚਲਾਈ ਜਾ ਰਹੀ ਸੰਸਥਾ ‘ਰੰਗਲਾ ਪੰਜਾਬ ਆਰਟਸ’ ਦੇ ਨੌਜਵਾਨਾਂ ਵੱਲੋਂ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਚੰਗਾ ਰੰਗ ਬੰਨ੍ਹਿਆ ਗਿਆ। ਮੰਚ ਸੰਚਾਲਕ ਦੀ ਭੂਮਿਕਾ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਵੱਲੋਂ ਬਾਖੂਬੀ ਨਿਭਾਈ ਗਈ।
ਪੁਸਤਕ ਮੇਲੇ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ
ਹਰਚਰਨ ਸਿੰਘ ਪਰਹਾਰ
ਕੈਲਗਰੀ: ਮਾਸਟਰ ਭਜਨ ਸਿੰਘ ਤੇ ਸਾਥੀਆਂ ਵੱਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਆਖਰੀ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਇਸ ਮੌਕੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਮਿੰਨੀ ਲਾਇਬ੍ਰੇਰੀਆਂ ਵੀ ਬਣਾਉਣ ਦੀ ਲੋੜ ਹੈ। ਉਨ੍ਹਾਂ ਪਾਠਕਾਂ ਨੂੰ ਸੁਝਾਅ ਦਿੱਤਾ ਕਿ ਹੁਣ ਠੰਢ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਬਾਹਰ ਦੀਆਂ ਸਰਗਰਮੀਆਂ ਘਟ ਜਾਂਦੀਆਂ ਹਨ, ਇਸ ਮੌਕੇ ਘਰ ਬੈਠ ਕੇ ਕਿਤਾਬਾਂ ਪੜ੍ਹਨ ਦਾ ਵਧੀਆ ਮੌਕਾ ਹੈ।
ਪੁਸਤਕ ਮੇਲੇ ਦੀ ਸ਼ੁਰੂਆਤ ਰੇਡੀਓ ਰੈੱਡ ਐੱਫਐੱਮ ਦੇ ਨਿਊਜ਼ ਹੋਸਟ ਰਿਸ਼ੀ ਨਾਗਰ ਵੱਲੋਂ ਕੀਤੀ ਗਈ। ਉਨ੍ਹਾਂ ਪਾਠਕਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਹੈ। ਪੰਜਾਬੀਆਂ ਵਿੱਚ ਕਿਤਾਬਾਂ ਦੇ ਘਟਦੇ ਰੁਝਾਨ ’ਤੇ ਉਨ੍ਹਾਂ ਚਿੰਤਾ ਪ੍ਰਗਟ ਕੀਤੀ। ਪ੍ਰਬੰਧਕਾਂ ਨੇ ਪਾਠਕਾਂ ਵੱਲੋਂ ਦਿਖਾਏ ਉਤਸ਼ਾਹ ਤੇ ਖੁਸ਼ੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।
ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ’ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ
ਹਰਦਮ ਮਾਨ
ਸਰੀ: ਖਾਲਸਾ ਦੀਵਾਨ ਸੁਸਾਇਟੀ, ਵੈਨਕੁਵਰ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ 22 ਹੋਰ ਸਿੱਖ ਸੁਸਾਇਟੀਆਂ ਨੇ ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਰਾਹੀਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਭੇਜੀ ਇੱਕ ਮੇਲ ਰਾਹੀਂ ਮੰਗ ਕੀਤੀ ਹੈ ਕਿ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਲਈ ਈ-ਵੀਜ਼ਾ ਜਾਰੀ ਕਰਨ ਅਤੇ ਬੀਐੱਲਐੱਸ ਦੁਆਰਾ ਜਾਰੀ ਕੀਤੇ ਜਾਂਦੇ ਵਿਅਕਤੀਗਤ ਅਰਜ਼ੀ ਵੀਜ਼ਾ ’ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ।
ਖਾਲਸਾ ਦੀਵਾਨ ਸੁਸਾਇਟੀ, ਵੈਨਕੁਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਦਸਤਖ਼ਤਾਂ ਹੇਠ ਲਿਖੇ ਇਸ ਪੱਤਰ ਰਾਹੀਂ ਸਿੱਖ ਸੁਸਾਇਟੀਆਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਅਰਜ਼ੀਆਂ ਅਤੇ ਨਾਗਰਿਕਾਂ ਲਈ ਪ੍ਰਵਾਨਗੀ ਵਿੱਚ ਕੀਤੀਆਂ ਕੁਝ ਤਬਦੀਲੀਆਂ ਸੈਰ-ਸਪਾਟਾ ਸੀਜ਼ਨ ਦੌਰਾਨ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਭਾਰਤ ਵਿੱਚ ਵੀ ਸੇਵਾ ਅਤੇ ਪ੍ਰਚੂਨ ਉਦਯੋਗ ਉੱਪਰ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਪੰਜਾਬ ਵਿੱਚ ਬਹੁਤ ਸਾਰੇ ਕਾਰੋਬਾਰ ਸੈਰ-ਸਪਾਟਾ ਕਾਰੋਬਾਰ ’ਤੇ ਨਿਰਭਰ ਕਰਦੇ ਹਨ। ਇਸ ਤੋਂ ਇਲਾਵਾ ਬਹੁਤੇ ਲੋਕ ਭਾਰਤ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਵਿਆਹ ਦੇ ਪ੍ਰਬੰਧਾਂ ਲਈ ਉਹ ਪਹਿਲਾਂ ਹੀ ਕਾਫ਼ੀ ਪੈਸਾ ਵੀ ਖ਼ਰਚ ਕਰ ਚੁੱਕੇ ਹਨ, ਪਰ ਉਨ੍ਹਾਂ ਕੋਲ ਵੀਜ਼ਾ ਨਾ ਹੋਣ ਕਾਰਨ ਉਹ ਭਾਰਤ ਵਿੱਚ ਆਉਣ ਤੋਂ ਅਸਮਰੱਥ ਹਨ। ਸਿੱਖ ਸੁਸਾਇਟੀਆਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਲੋਕਾਂ ਦੀ ਚਿੰਤਾ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤ ਸਮਝ ਕੇ ਵੀਜ਼ਾ ਅਰਜ਼ੀ ਅਤੇ ਮਨਜ਼ੂਰੀ ਕਾਰਵਾਈ ਬਹਾਲ ਕਰ ਦੇਵੇ ਤਾਂ ਸਾਰੀਆਂ ਸੰਸਥਾਵਾਂ ਭਾਰਤ ਸਰਕਾਰ ਦੀਆਂ ਬੇਹੱਦ ਧੰਨਵਾਦੀ ਹੋਣਗੀਆਂ।
ਇਹ ਅਪੀਲ ਕਰਨ ਵਾਲੀਆਂ ਸਿੱਖ ਸੁਸਾਇਟੀਆਂ ਵਿੱਚ ਖਾਲਸਾ ਦੀਵਾਨ ਸੁਸਾਇਟੀ, ਵੈਨਕੁਵਰ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੁਵਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਖਾਲਸਾ ਦੀਵਾਨ ਸੁਸਾਇਟੀ ਯਾਰਕ ਸੈਂਟਰ ਸਰੀ, ਬੀਅਰ ਕਰੀਕ ਹਾਲ ਗੁਰਦੁਆਰਾ ਸਰੀ, ਗੁਰੂ ਗੋਬਿੰਦ ਸਿੰਘ ਟੈਂਪਲ ਪ੍ਰਿੰਸ ਜਾਰਜ, ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ, ਕਰੀਬੂ ਗੁਰਸਿੱਖ ਟੈਂਪਲ ਕਿਊਜ਼ਨੇਲ, ਵੈਨਕੁਵਰ ਆਈਲੈਂਡ ਸਿੱਖ ਕਲਚਰਲ ਸੁਸਾਇਟੀ ਡੰਕਨ, ਓਕਾਨਾਗਨ ਸਿੱਖ ਟੈਂਪਲ ਕੇਲੋਨਾ, ਮਿਸ਼ਨ ਸਿੱਖ ਟੈਂਪਲ ਮਿਸ਼ਨ, ਗੁਰਦੁਆਰਾ ਸਾਹਿਬ ਮੀਰੀ-ਪੀਰੀ ਖਾਲਸਾ ਦਰਬਾਰ ਟੈਰੇਸ, ਖਾਲਸਾ ਦੀਵਾਨ ਸੁਸਾਇਟੀ ਸਿੱਖ ਟੈਂਪਲ ਵਿਕਟੋਰੀਆ, ਖਾਲਸਾ ਦੀਵਾਨ ਸੁਸਾਇਟੀ ਨੋਨਾਇਮੋ, ਗੁਰੂ ਨਾਨਕ ਸਿੱਖ ਸੁਸਾਇਟੀ ਕੈਂਪਬੈਲ ਰਿਵਰ, ਸਿੱਖ ਟੈਂਪਲ ਸੁਕਾਮਿਸ਼, ਸਿੱਖ ਕਲਚਰਲ ਸੁਸਾਇਟੀ ਕੈਮਲੂਪਸ, ਮੈਰਿਟ ਸਿੱਖ ਟੈਂਪਲ ਮੈਰਿਟ, ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ ਪੋਰਟ ਅਲਬਰਨੀ ਅਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਰੀ ਸ਼ਾਮਲ ਹਨ।
ਪੰਜਾਬੀ ਸਾਹਿਤਕ ਕਾਨਫਰੰਸ 28 ਨੂੰ
ਸਰੀ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ 23ਵੀਂ ਸਾਲਾਨਾ ਪੰਜਾਬੀ ਸਾਹਿਤਕ ਕਾਨਫਰੰਸ 28 ਅਤੇ 29 ਅਕਤੂਬਰ ਨੂੰ ਹੇਵਰਡ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਅਤੇ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਕੈਨੇਡਾ, ਅਮਰੀਕਾ, ਭਾਰਤ ਅਤੇ ਹੋਰ ਕਈ ਦੇਸ਼ਾਂ ਤੋਂ ਨਾਮਵਰ ਵਿਦਵਾਨ, ਕਹਾਣੀਕਾਰ, ਨਾਟਕਕਾਰ ਅਤੇ ਕਵੀ ਸ਼ਾਮਲ ਹੋਣਗੇ ਜਨਿ੍ਹਾਂ ਵਿੱਚ ਡਾ. ਵਰਿਆਮ ਸਿੰਘ ਸੰਧੂ, ਸ਼ਾਇਰ ਜਸਵਿੰਦਰ, ਡਾ. ਆਤਮ ਸਿੰਘ ਰੰਧਾਵਾ, ਦਰਸ਼ਨ ਬੁੱਟਰ, ਜਸਵੰਤ ਸਿੰਘ ਜ਼ਫ਼ਰ, ਡਾ. ਰਾਜੇਸ਼ ਸ਼ਰਮਾ, ਡਾ. ਸੁਹਿੰਦਰ ਵੀਰ, ਰਵਿੰਦਰ ਸਹਿਰਾਅ, ਡਾ. ਮੋਨੋਜੀਤ, ਕਹਾਣੀਕਾਰ ਅਜਮੇਰ ਸਿੱਧੂ ਆਦਿ ਸ਼ਾਮਲ ਹੋਣਗੇ। ਇਸ ਮੌਕੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਕੈਨੇਡਾ ਤੋਂ ਸ਼ਾਇਰ ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਭਾਰਤ ਤੋਂ ਸਤੀਸ਼ ਗੁਲਾਟੀ ਤੇ ਸੁਸ਼ੀਲ ਦੁਸਾਂਝ, ਅਮਰੀਕਾ ਤੋਂ ਮਨਜੀਤ ਕੌਰ ਗਿੱਲ, ਰਾਕਿੰਦ ਕੌਰ, ਸੁਰਿੰਦਰ ਸੋਹਲ ਤੇ ਹੋਰ ਬਹੁਤ ਸਾਰੇ ਕਵੀ ਆਪਣਾ ਕਲਾਮ ਪੇਸ਼ ਕਰਨਗੇ।
ਸੰਪਰਕ: 1 604 308 6663