ਪੰਚਕੂਲਾ ਦੇ ਦੋ ਕੌਂਸਲਰ ਭਾਜਪਾ ਵਿੱਚ ਸ਼ਾਮਲ
ਪੀਪੀ ਵਰਮਾ
ਪੰਚਕੂਲਾ, 3 ਨਵੰਬਰ
ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਕੌਂਸਲਰ ਸੁਸ਼ੀਲ ਗਰਗ ਅਤੇ ਆਜ਼ਾਦ ਕੌਂਸਲਰ ਓਮਵਤੀ ਪੂਨੀਆ ਐਤਵਾਰ ਸਵੇਰੇ ਮੁੱਖ ਮੰਤਰੀ ਨਾਇਬ ਸੈਣੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਮੌਜੂਦ ਸਨ। ਪੰਚਕੂਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਸੋਮਵਾਰ 4 ਨਵੰਬਰ ਨੂੰ ਹੋਣੀਆਂ ਹਨ। ਭਾਜਪਾ ਕੋਲ ਸਿਰਫ਼ ਅੱਠ ਕੌਂਸਲਰ ਸਨ ਪਰ ਹੁਣ ਦੋ ਕੌਂਸਲਰਾਂ ਸੁਸ਼ੀਲ ਗਰਗ ਅਤੇ ਓਮਵਤੀ ਪੂਨੀਆ ਦੇ ਸ਼ਾਮਲ ਹੋਣ ਮਗਰੋਂ ਭਾਜਪਾ ਕੋਲ 10 ਕੌਂਸਲਰਾਂ ਦੇ ਨਾਲ ਮੇਅਰ ਦੀ ਇੱਕ-ਇੱਕ ਵੋਟ ਹੈ, ਜਿਸ ਕਾਰਨ ਪੰਚਕੂਲਾ ਨਗਰ ਨਿਗਮ ਵਿੱਚ 20 ਕੌਂਸਲਰਾਂ ਵਿੱਚੋਂ ਬਹੁਮਤ ਭਾਜਪਾ ਦੇ ਹੱਕ ਵਿੱਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਸੁਸ਼ੀਲ ਗਰਗ ਨੂੰ ਡਿਪਟੀ ਮੇਅਰ ਬਣਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਓਮਵਤੀ ਪੂਨੀਆ ਬਿਨਾਂ ਕਿਸੇ ਸ਼ਰਤ ਦੇ ਭਾਜਪਾ ’ਚ ਸ਼ਾਮਲ ਹੋਈ ਹੈ। ਹੁਣ ਕਾਂਗਰਸ ਨੂੰ ਪੰਚਕੂਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿੱਤਣ ਲਈ ਨਵੀਂ ਰਣਨੀਤੀ ਬਣਾਉਣੀ ਪਵੇਗੀ। ਕਾਂਗਰਸ ਕੋਲ 10 ਕੌਂਸਲਰ ਹਨ ਅਤੇ ਚੋਣਾਂ ਜਿੱਤਣ ਲਈ ਇਕ ਕੌਂਸਲਰ ਦੀ ਵੋਟ ਦੀ ਲੋੜ ਪਵੇਗੀ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੀ ਜਿੱਤ ਦੀ ਅਜੇ ਵੀ ਉਮੀਦ ਹੈ।