ਅਰਬ ਸਾਗਰ ’ਚ ਸਰਵੇਖਣ ਲਈ ਪੁੱਜੇ ਦੋ ਚੀਨੀ ਬੇੜੇ
ਅਜੇ ਬੈਨਰਜੀ
ਨਵੀਂ ਦਿੱਲੀ, 3 ਫਰਵਰੀ
ਅਰਬ ਸਾਗਰ ਵਿੱਚ ਕੌਮਾਂਤਰੀ ਪਾਣੀਆਂ ਵਿੱਚ ਦੋ ਚੀਨੀ ਸਰਵੇਖਣ ਜਹਾਜ਼ਾਂ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਇਹ ਜਹਾਜ਼ ਸਰੋਤਾਂ ਲਈ ਸਮੁੰਦਰੀ ਤੱਟ ਦਾ ਨਕਸ਼ਾ ਬਣਾ ਸਕਦੇ ਹਨ ਅਤੇ ਪਣਡੁੱਬੀਆਂ ਲਈ ਸਭ ਤੋਂ ਵਧੀਆ ਸਮੁੰਦਰੀ ਰਸਤੇ ਲੱਭ ਸਕਦੇ ਹਨ।
ਦੋ ਜਹਾਜ਼ਾਂ ਨੇ ਪਿਛਲੇ ਸਾਲ ਨਵੰਬਰ ਤੋਂ ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੈੱਡ) ਤੋਂ ਬਾਹਰ ਰਹਿੰਦੇ ਹੋਏ ਵਿਸ਼ਾਲ ਖੇਤਰ ਦੀ ਮੈਪਿੰਗ ਕੀਤੀ ਹੈ। ਕਿਸੇ ਦੇਸ਼ ਦਾ ਈਈਜ਼ੈੱਡ ਸਮੁੰਦਰੀ ਕੰਢੇ ਤੋਂ 370 ਕਿਲੋਮੀਟਰ ਤੱਕ ਹੈ ਅਤੇ ਉਸ ਤੋਂ ਅੱਗੇ ਕੌਮਾਂਤਰੀ ਪਾਣੀ ਹਨ।
ਚੀਨੀ ਜਹਾਜ਼ਾਂ ਨੂੰ ‘ਵਿਗਿਆਨਕ ਜਹਾਜ਼ਾਂ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਇਹ ‘ਮੱਛੀ ਫੜਨ ਦੇ ਸਰਵੇਖਣ’ ਲਈ ਕੀਤਾ ਗਿਆ ਹੈ ਪਰ ਚੀਨੀ ਜਲ ਸੈਨਾ ਲਈ ਇਹ ਇਕ ਰਣਨੀਤਕ ਕੰਮ ਹੈ। ਇਸ ਵਿੱਚ ਸਮੁੰਦਰੀ ਪਣਡੁੱਬੀਆਂ ਦੀ ਆਵਾਜ਼ ਨੂੰ ਰਿਕਾਰਡ ਕਰਨਾ ਅਤੇ ਦੂਜੇ ਦੇਸ਼ਾਂ ਦੇ ਜੰਗੀ ਜਹਾਜ਼ਾਂ ’ਤੇ ਨਜ਼ਰ ਰੱਖਣ ਤੋਂ ਇਲਾਵਾ ਸਮੁੰਦਰ ਵਿੱਚ ਖੁੱਲ੍ਹੇ ਚੈਨਲਾਂ ’ਤੇ ਰੇਡੀਓ ਸੰਚਾਰ ਸੁਣਨਾ ਸ਼ਾਮਲ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਇਸੇ ਤਰ੍ਹਾਂ ਦਾ ਚੀਨੀ ਸਰਵੇਖਣ ਜਹਾਜ਼ ਅਪਰੈਲ 2024 ਵਿੱਚ ਆਇਆ ਸੀ, ਜਿਸ ਨੇ ਮਾਲਦੀਵ ਦੇ ਆਲੇ-ਦੁਆਲੇ ਇੱਕ ਸਰਵੇਖਣ ਕੀਤਾ ਅਤੇ ਹੁਣ ਪਿਛਲੇ ਸਾਲ ਨਵੰਬਰ ਵਿੱਚ ਵਾਪਸ ਆ ਗਿਆ ਹੈ।
ਪੇਈਚਿੰਗ ਕੋਲ ਇੱਕ ਵੱਡਾ ‘ਡਿਸਟੈਂਟ ਵਾਟਰ ਫਿਸ਼ਿੰਗ ਫਲੀਟ’ ਹੈ ਜੋ ਕਿ ਅਰਬ ਸਾਗਰ ਵਿੱਚ ਕੰਮ ਕਰਦਾ ਹੈ। ਬਹੁਤ ਸਾਰੇ ਦੇਸ਼ਾਂ ਨੇ ਗੈਰ-ਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਵਾਲੇ ਬੇੜਿਆਂ ਦੀ ਪਛਾਣ ਕੀਤੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਨਵੰਬਰ 2024 ਤੋਂ ਅਰਬ ਸਾਗਰ ਵਿੱਚ ਮੱਛੀ ਫੜਨ ਵਾਲੇ ਤਕਰੀਬਨ 175 ਚੀਨੀ ਜਹਾਜ਼ਾਂ ਦੀ ਪਛਾਣ ਕੀਤੀ ਹੈ। ਇਹ ਸਾਰੇ ਕੌਮਾਂਤਰੀ ਪਾਣੀਆਂ ਵਿੱਚ ਸਨ। ਮੱਛੀਆਂ ਫੜਨ ਵਾਲੇ ਇਹ ਜਹਾਜ਼ ਹੁਣ ਪੱਕੇ ਤੌਰ ’ਤੇ ਅਰਬ ਸਾਗਰ ਵਿੱਚ ਹਨ। ਅਰਬ ਸਾਗਰ ਵਿੱਚ ਚੀਨ ਦੇ ਸਰਵੇਖਣ ਜਹਾਜ਼ਾਂ ਦੇ ਸੰਚਾਲਨ ਨੇ ਕੁਝ ਦੇਸ਼ਾਂ, ਖਾਸ ਕਰ ਕੇ ਭਾਰਤ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਜਹਾਜ਼ ਆਧੁਨਿਕ ਉਪਕਰਨਾਂ ਨਾਲ ਲੈਸ ਹਨ ਅਤੇ ਸਮੁੰਦਰੀ ਤੇ ਹਾਈਡਰੋਗ੍ਰਾਫਿਕ ਸਰਵੇਖਣ ਕਰ ਰਹੇ ਹਨ। ਉਨ੍ਹਾਂ ਦੇ ਮਿਸ਼ਨਾਂ ਵਿੱਚ ਸਮੁੰਦਰੀ ਵਾਤਾਵਰਨ, ਕਰੰਟ, ਜਲਵਾਯੂ ਦੇ ਨਮੂਨੇ ਅਤੇ ਸਮੁੰਦਰੀ ਤਲ ਦਾ ਪਤਾ ਲਾਉਣਾ ਸ਼ਾਮਲ ਹੈ। ਭਾਰਤ ਨੇ ਅਕਸਰ ਇਸ ਇਲਾਕੇ ਵਿੱਚ ਚੀਨ ਦੇ ਇਰਾਦਿਆਂ ਬਾਰੇ ਸੁਰੱਖਿਆ ਚਿੰਤਾਵਾਂ ਅਤੇ ਸਵਾਲਾਂ ਨੂੰ ਉਠਾਇਆ ਹੈ ਕਿਉਂਕਿ ਇਹ ਸਰੇਵਖਣ ਜਹਾਜ਼ ਡੇਟਾ ਇਕੱਤਰ ਕਰ ਸਕਦੇ ਹਨ ਜੋ ਕਿ ਇਹ ਮਹੱਤਵਪੂਰਨ ਖ਼ਤਰਾ ਪੈਦਾ ਕਰ ਸਦਾ ਹੈ। ਅਰਬ ਸਾਗਰ ਇਕ ਅਹਿਮ ਸਮੁੰਦਰੀ ਤੱਟ ਹੈ ਜੋ ਕਿ ਪ੍ਰਮੁੱਖ ਅਰਥਚਾਰਿਆਂ ਨੂੰ ਜੋੜਦਾ ਹੈ ਅਤੇ ਊੂਰਜਾ ਸਪਲਾਈ ਲਈ ਇਕ ਮਹੱਤਵਪੂਰਨ ਟਰਾਂਜ਼ਿਟ ਰੂਟ ਦੇ ਰੂਪ ਵਿੱਚ ਕੰਮ ਕਰਦਾ ਹੈ। ਚੀਨ ਆਪਣੇ ਸਰਵੇਖਣ ਜਹਾਜ਼ਾਂ ਦੇ ਬੇੜੇ ਦਾ ਵਿਸਤਾਰ ਕਰ ਰਿਹਾ ਹੈ ਜਿਸ ਬਾਰੇ ਉਸ ਦਾ ਦਾਅਵਾ ਹੈ ਕਿ ਇਹ ਵਿਗਿਆਨੀ ਉਦੇਸ਼ਾਂ ਲਈ ਹਨ।