ਕਰਾਚੀ ਹਵਾਈ ਅੱਡੇ ਨੇੜੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕ ਹਲਾਕ
ਕਰਾਚੀ, 7 ਅਕਤੂਬਰ
ਪਾਕਿਸਤਾਨ ਦੇ ਕਰਾਚੀ ’ਚ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਦੇਰ ਰਾਤ ਬਲੋਚ ਬਾਗੀ ਗਰੁੱਪ ਵੱਲੋਂ ਚੀਨੀ ਨਾਗਰਿਕਾਂ ਦੇ ਕਾਫਲੇ ’ਤੇ ਕੀਤੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕ ਹਲਾਕ ਅਤੇ 17 ਵਿਅਕਤੀ ਜ਼ਖਮੀ ਹੋ ਗਏ। ਧਮਾਕੇ ’ਚ ਸ਼ੱਕੀ ਫਿਦਾਈਨ ਵੀ ਮਾਰਿਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਪਾਕਿਸਤਾਨ ਦੀ ਰਾਜਧਾਨੀ ’ਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ਲਈ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ।
ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਖਿਆ ਕਿ ਇਸ ਹਮਲੇ ’ਚ ਚੀਨੀ ਇੰਜਨੀਅਰਾਂ ਤੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਹੜੇ ਜਿਨਾਹ ਕੌਮਾਂਤਰੀ ਹਵਾਈ ਅੱਡੇ ਤੋਂ ਨਿਕਲ ਰਹੇ ਸਨ। ਇਹ ਧਮਾਕਾ ਹਵਾਈ ਅੱਡੇ ਦੇ ਮੁੱਖ ਟਰਮੀਨਲ ਤੋਂ ਇੱਕ ਮੀਲ ਤੋਂ ਵੀ ਘੱਟ ਦੂਰੀ ’ਤੇ ਹੋਇਆ। ਇਸ ਮਗਰੋਂ ਅਧਿਕਾਰੀਆਂ ਨੇ ਹਵਾਈ ਅੱਡੇ ਜਾਣ ਵਾਲੀ ਸਾਰੀ ਆਵਾਜਾਈ ਰੋਕ ਦਿੱਤੀ। ਇਸ ਹਮਲੇ ’ਚ ਇੱਕ ਇਲੈੱਕਟ੍ਰਿਕ ਪਾਵਰ ਕੰਪਨੀ ਦੇ ਚੀਨੀ ਸਟਾਫ ਨੂੰ ਲਿਜਾ ਰਹੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲੀਸ ਦੇ ਡੀਆਈਜੀ ਆਸਿਫ ਸ਼ੇਖ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਚੀਨੀ ਨਾਗਰਿਕਾਂ ਨੂੰ ਲਿਜਾ ਰਹੇ ਵਾਹਨਾਂ ’ਤੇ ਫਿਦਾਈਨ ਹਮਲੇ ਲਈ ਇਕ ਛੋਟੋ ਵਾਹਨ ਦੀ ਵਰਤੋਂ ਕੀਤੀ ਗਈ। ਚੀਨੀ ਸਫਾਰਤਖ਼ਾਨੇ ਨੇ ਹਮਲੇ ’ਚ ਆਪਣੇ ਦੋ ਨਾਗਰਿਕਾਂ ਮੌਤ ਅਤੇ ਇੱਕ ਹੋਰ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
ਚੀਨੀ ਨਾਗਰਿਕਾਂ ’ਤੇ ਹਮਲਾ ਘਿਣਾਉਣੀ ਕਾਰਵਾਈ: ਪ੍ਰਧਾਨ ਮੰਤਰੀ
ਕਰਾਚੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਚੀਨੀ ਨਾਗਰਿਕਾਂ ’ਤੇ ਹੋਏ ਹਮਲੇ ਨੂੰ ‘ਘਿਣਾਉਣੀ ਕਾਰਵਾਈ’ ਕਰਾਰ ਦਿੰਦਿਆਂ ਚੀਨੀ ਨਾਗਰਿਕਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ, ‘‘ਪਾਕਿਸਤਾਨ ਆਪਣੇ ਚੀਨੀ ਦੋਸਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।’’ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਲੰਘੀ ਰਾਤ ਹੋਏ ਧਮਾਕੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਚੀਨੀ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਪਾਕਿ: ਚੀਨ
ਪੇਈਚਿੰਗ: ਚੀਨ ਨੇ ਪਾਕਿਸਤਾਨ ਦੇ ਕਰਾਚੀ ਅੱਡੇ ਨੇੜੇ ਫਿਦਾਈਨ ਹਮਲੇ ’ਚ ਦੋ ਚੀਨੀ ਨਾਗਰਿਕਾਂ ਦੀ ਮੌਤ ਨੂੰ ‘ਵੱਡਾ ਸਦਮਾ’ ਦੱਸਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਨਿਖੇਧੀ ਕਰਦਿਆਂ ਅੱਰ ਪਾਕਿਸਤਾਨ ਤੋਂ ਮੰਗ ਕੀਤੀ ਕਿ ਸੁਰੱਖਿਆ ਪ੍ਰਬੰਧਾਂ ’ਚ ਖਾਮੀਆਂ ਦੂਰ ਕਰਕੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਕੰਮ ’ਚ ਲੱਗੇ ਚੀਨੀ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਬਣਾਈ ਜਾਵੇ। -ਏਪੀ