ਸੜਕ ਹਾਦਸਿਆਂ ਵਿੱਚ ਬੱਚੇ ਸਣੇ ਦੋ ਹਲਾਕ
ਪੱਤਰ ਪ੍ਰੇਰਕ
ਜਲੰਧਰ, 3 ਸਤੰਬਰ
ਇੱਥੇ ਹੋਏ ਵੱਖ-ਵੱਖ ਸੜਕ ਹਾਦਸਿਆਂ ਕਾਰਨ ਇੱਕ ਬੱਚੇ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਜੰਡੂ ਸਿੰਘਾ ਨਜ਼ਦੀਕ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪਿੰਡ ਹਜ਼ਾਰਾ ਵਿੱਚ ਵਾਪਰਿਆ। ਹਾਦਸੇ ਦੌਰਾਨ ਬਾਦਲ ਕੁਮਾਰ (12) ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਟੱਕਰ ਵੱਜਣ ਕਾਰਨ ਬੱਚਾ ਕਈ ਮੀਟਰ ਦੂਰ ਸੜਕ ਵਿਚਕਾਰ ਜਾ ਡਿੱਗਿਆ। ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਹਜ਼ਾਰਾ ਵਾਸੀ ਪ੍ਰਿੰਸ ਬੰਗੇ ਨੇ ਦੱਸਿਆ ਕਿ ਬਾਦਲ ਕੁਮਾਰ ਆਪਣੇ ਇਕ ਹੋਰ ਸਾਥੀ ਨਾਲ ਮੋਟਰ ’ਤੇ ਨਹਾਉਣ ਤੋਂ ਬਾਅਦ ਘਰ ਜਾ ਰਿਹਾ ਸੀ ਤੇ ਸੜਕ ਪਾਰ ਕਰਦੇ ਹੋਏ ਇਹ ਹਾਦਸਾ ਵਾਪਰ ਗਿਆ। ਪ੍ਰਿੰਸ ਨੇ ਦੱਸਿਆ ਕਿ ਦੋਵੇਂ ਬੱਚੇ ਸੜਕ ਪਾਰ ਕਰ ਹੀ ਚੁੱਕੇ ਸੀ ਕਿ ਸੜਕ ਦੇ ਡਿਵਾਈਡਰ ਦੀ ਨੁੱਕਰ ’ਤੇ ਤੇਜ਼ ਰਫ਼ਤਾਰ ਕਾਰ ਨਾਲ ਬਾਦਲ ਦੀ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਹਾਦਸੇ ਮਗਰੋਂ ਕਾਰ ਚਾਲਕ ਗੱਡੀ ਭਜਾ ਕੇ ਲੈ ਗਿਆ। ਘਟਨਾ ਸਥਾਨ ’ਤੇ ਪੁੱਜੇ ਥਾਣਾ ਪਤਾਰਾ ਦੇ ਏਐੱਸਆਈ ਦਯਾ ਚੰਦ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਦਿਸ਼ੂ ਦੇ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਜਲੰਧਰ-ਪਠਾਨਕੋਟ ਮਾਰਗ ’ਤੇ ਪੈਂਦੇ ਪਿੰਡ ਰਾਏਪੁਰ ਰਸੂਲਪੁਰ ’ਚ ਵਾਪਰੇ ਸੜਕ ਹਾਦਸੇ ’ਚ ਟਰੱਕ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ (40) ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਇਸ ਦੌਰਾਨ ਦੂਜੇ ਟਰਾਲੇ ਦੇ ਡਰਾਈਵਰ ਵਿਕੀ ਨੂੰ ਮਾਮੂਲੀ ਸੱਟਾਂ ਲੱਗੀਆਂ। ਥਾਣਾ ਮਕਸੂਦਾ ਦੇ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਿਸ਼ਨਗੜ੍ਹ ਵੱਲੋਂ ਜਲੰਧਰ ਆ ਰਿਹਾ ਟਰੱਕ ਰਾਏਪੁਰ ਰਸੂਲਪੁਰ ਨੇੜੇ ਡਿਵਾਈਡਰ ਪਾਰ ਕਰਦਾ ਹੋਇਆ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ ਜਿਸ ਕਾਰਨ ਹਾਦਸਾ ਵਾਪਰ ਗਿਆ।