ਅੱਗ ਲੱਗਣ ਕਾਰਨ ਦੋ ਕਾਰਾਂ ਸੜੀਆਂ
ਪੱਤਰ ਪ੍ਰੇਰਕ
ਕੁਰਾਲੀ, 7 ਜਨਵਰੀ
ਸ਼ਹਿਰ ਦੀ ਹੱਦ ਅੰਦਰ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ ਚਾਲਕ ਦਾ ਬਚਾਅ ਹੋ ਗਿਆ ਜਦਕਿ ਕਾਰ ਪੂਰੀ ਤਰ੍ਹਾਂ ਸੜ ਗਈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨਿਵਾਸੀ ਅਮਿਤ ਕੁਮਾਰ ਆਪਣੀ ਫੋਰਡ ਫਿੱਗੋ ਕਾਰ ਵਿੱਚ ਸਵਾਰ ਹੋ ਕੇ ਰੂਪਨਗਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਿਵੇਂ ਹੀ ਉਹ ਕੁਰਾਲੀ ਬਾਈਪਾਸ ’ਤੇ ਪੁਦੀ ਹੱਦ ਅੰਦਰ ਪਡਿਆਲਾ ਬਾਈਪਾਸ ਨੇੜੇ ਪੁੱਜਿਆ ਤਾਂ ਉਸ ਨੂੰ ਕਾਰ ਦੇ ਬੋਨਟ ਵਿਚੋਂ ਧੂੰਆਂ ਨਿਕਲਦਾ ਮਹਿਸੂਸ ਹੋਇਆ। ਇਸ ਦੌਰਾਨ ਉਸ ਨੇ ਪਡਿਆਲਾ ਨੇੜੇ ਗੱਡੀ ਰੋਕ ਕੇ ਜਦੋਂ ਬੋਨਟ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਪਲਾਂ ਵਿੱਚ ਹੀ ਕਾਰ ਦੇ ਅਗਲੇ ਹਿੱਸੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਇਸ ਦੌਰਾਨ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋਣ ’ਤੇ ਕੁਰਾਲੀ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਜਦੋਂ ਤੱਕ ਫਾਇਰ ਬਿਗ੍ਰੇਡ ਦੀ ਟੀਮ ਪੁੱਜੀ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਥਾਣਾ ਸਿਟੀ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਸਪਾਰਕਿੰਗ ਕਾਰਨ ਕਾਰ ਨੂੰ ਅੱਗ ਲੱਗੀ ਹੈ ਪਰ ਕਾਰ ਚਾਲਕ ਦੇ ਸਮੇਂ ਸਿਰ ਬਾਹਰ ਨਿਕਲਣ ਵਿੱਚ ਸਫ਼ਲ ਰਹਿਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਮੋਰਿੰਡਾ (ਪੱਤਰ ਪ੍ਰੇਰਕ): ਇਥੋਂ ਦੇ ਲੁਧਿਆਣਾ ਚੰਡੀਗੜ੍ਹ ਬਾਈਪਾਸ ’ਤੇ ਬੀਤੀ ਰਾਤ ਚੱਲਦੀ ਕਾਰ ਅੱਗ ਲੱਗਣ ਕਾਰਨ ਸੜ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪਿੰਡ ਬੇਲਾ ਬਹਿਰਾਮਪੁਰ ਤੋਂ ਬਲਵੀਰ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਕਾਰ (ਨੰਬਰ ਪੀਬੀ 10 ਸੀਵੀ 0077) ਰਾਹੀਂ ਕਿਸੇ ਕੰਮ ਲਈ ਚੰਡੀਗੜ੍ਹ ਗਿਆ ਸੀ ਅਤੇ ਜਦੋਂ ਉਹ ਵਾਪਸ ਪਿੰਡ ਪਰਤ ਰਹੇ ਸਨ ਤਾਂ ਪਿੰਡ ਮੜੌਲੀ ਕਲਾਂ ਕੋਲ ਪੈਂਦੇ ਬਾਈਪਾਸ ਕੋਲ ਕਾਰ ਚਾਲਕ ਨੂੰ ਬੋਨਟ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਇਸ ਦੌਰਾਨ ਜਦੋਂ ਉਸ ਨੇ ਕਾਰ ਨੂੰ ਸਾਈਡ ’ਤੇ ਲਾ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਅੱਗ ਭੜਕ ਗਈ।