ਆਵਾਰਾ ਕੁੱਤਾ ਅੱਗੇ ਆਉਣ ਕਾਰਨ ਦੋ ਕਾਰਾਂ ਟਕਰਾਈਆਂ, 4 ਔਰਤਾਂ ਸਣੇ 6 ਜ਼ਖਮੀ
ਜਗਮੋਹਨ ਸਿੰਘ
ਘਨੌਲੀ, 15 ਫਰਵਰੀ
ਇੱਥੇ ਅੱਜ ਦੇਰ ਸ਼ਾਮ ਕੌਮੀ ਮਾਰਗ ’ਤੇ ਸਥਿਤ ਹੱਡਾਰੋੜੀ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਦੌਰਾਨ 2 ਕਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ 1 ਬੱਚੇ ਅਤੇ 4 ਔਰਤਾਂ ਸਣੇ ਅੱਧੀ ਦਰਜਨ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਰੂਟ ਨੰਬਰ 53204 (ਰੂਪਨਗਰ ਤੋਂ ਆਨੰਦਪੁਰ ਸਾਹਿਬ) ਦੇ ਜਵਾਨਾਂ ਨੇ ਹਸਪਤਾਲ ਦਾਖਲ ਕਰਵਾਇਆ ਅਤੇ ਤੁਰੰਤ ਕਰੇਨ ਮੰਗਵਾ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਪੁਲੀਸ ਚੌਕੀ ਘਨੌਲੀ ਪਹੁੰਚਾਇਆ। ਰੂਟ ਨੰਬਰ 53204 ਦੇ ਇੰਚਾਰਜ ਸੀਤਾ ਰਾਮ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸਿਉਂ ਆ ਰਹੀ ਆਲਟੋ ਕਾਰ ਦੇ ਅੱਗੇ ਅਚਾਨਕ ਕੁੱਤਾ ਆ ਗਿਆ ਤੇ ਕਾਰ ਚਾਲਕ ਨੇ ਜਿਵੇਂ ਹੀ ਕੁੱਤੇ ਨੂੰ ਬਚਾਉਣ ਲਈ ਕਾਰ ਦੀ ਬਰੇਕ ਲਗਾਈ ਤਾਂ ਪਿੱਛੋਂ ਆਉਂਦੀ ਤੇਜ਼ ਰਫਤਾਰ ਬਰੇਜ਼ਾ ਕਾਰ ਟਕਰਾ ਗਈ।
ਇਸ ਦੌਰਾਨ ਆਲਟੋ ਕਾਰ ਪਲਟ ਗਈ ਤੇ ਕਾਰ ਚਾਲਕ ਸਣੇ ਕਾਰ ਵਿੱਚ ਸਵਾਰ 7 ਸਾਲਾ ਬੱਚੇ ਅਤੇ 4 ਔਰਤਾਂ ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਲਈ ਪੁਲੀਸ ਚੌਕੀ ਘਨੌਲੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।