ਸੜਕ ਹਾਦਸੇ ’ਚ ਦੋ ਕਾਰ ਸਵਾਰ ਹਲਾਕ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 28 ਅਕਤੂਬਰ
ਇੱਥੋਂ ਦੇ ਸੈਕਟਰ-79 ਵਿੱਚ ਵਾਪਰੇ ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਫਾਰਚੂਨਰ ਦੇ ਚਾਲਕ ਨੇ ਸ਼ਕੌਡਾ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸ਼ਕੌਡਾ ਕਾਰ ਦੇ ਚਾਲਕ ਅਤੇ ਉਸ ਨਾਲ ਬੈਠੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਾ ਢਿੱਲੋਂ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਵਿਅਕਤੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਨਜ਼ਦੀਕੀ ਸਨ। ਦੋਵੇਂ ਜਣੇ ਤਪਾ ਦੇ ਵਸਨੀਕ ਸਨ ਅਤੇ ਉਹ ਦੋਵੇ ਆਪਸ ਵਿੱਚ ਗੂੜ੍ਹੇ ਮਿੱਤਰ ਸਨ।
ਜਾਣਕਾਰੀ ਅਨੁਸਾਰ ਰਾਜਾ ਢਿੱਲੋਂ ਅਤੇ ਦਿਲਜੀਤ ਸਿੰਘ ਐਤਵਾਰ ਨੂੰ ਦੇਰ ਰਾਤ ਸੈਕਟਰ-79 ਸਥਿਤ ਰੇਸਤਰਾਂ ਵਿੱਚ ਖਾਣਾ ਖਾ ਕੇ ਵਾਪਸ ਜਾ ਰਹੇ ਸਨ। ਇਸ ਦੌਰਾਨ ਮੁਹਾਲੀ ਹਵਾਈ ਅੱਡਾ ਸੜਕ ’ਤੇ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੇ ਚਾਲਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਦੋਵਾਂ ਨੂੰ ਜ਼ਖ਼ਮੀ ਹਾਲਤ ’ਚ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਹਾਣਾ ਪੁਲੀਸ ਨੇ ਪਿੰਡ ਸੰਤੇ ਮਾਜਰਾ ਦੇ ਵਸਨੀਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਣੇ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਉਨ੍ਹਾਂ ਦੇ ਸਮਰਥਕ ਮੌਜੂਦ ਸਨ।