ਜਗਾਧਰੀ ਤੋਂ ਦੋ ਤੇ ਯਮੁਨਾਨਗਰ ਤੋਂ ਇੱਕ ਉਮੀਦਵਾਰ ਨੇ ਕਾਗਜ਼ ਦਾਖ਼ਲ ਕੀਤੇ
ਦਵਿੰਦਰ ਸਿੰਘ
ਯਮੁਨਾਨਗਰ, 12 ਸਤੰਬਰ
ਇੱਥੇ ਅੱਜ ਨਾਮਜ਼ਦਗੀ ਦਾਖ਼ਲ ਕਰਨ ਦੇ ਆਖਰੀ ਦਿਨ ਯਮੁਨਾਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਰਮਨ ਤਿਆਗੀ, ਜਗਾਧਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਕਰਮ ਖ਼ਾਨ ਅਤੇ ਆਮ ਆਦਮੀ ਪਾਰਟੀ ਦੇ ਆਦਰਸ਼ ਪਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਤਿੰਨਾਂ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਬੇਰੁਜ਼ਗਾਰੀ, ਨਸ਼ਾਖੋਰੀ, ਮਹਿੰਗਾਈ, ਨਾਜਾਇਜ਼, ਮਾਈਨਿੰਗ ਵਿਰੁੱਧ ਚੋਣਾਂ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼ਮੀਮ ਖਾਨ, ਮੁਸਤਕੀਨ, ਦਵਿੰਦਰ ਸਿੰਘ, ਮੋਹਨ ਗੁੱਜਰ, ਬਲਿੰਦਰ ਬਿੱਟੂ, ਨਰਵਾਲ ਸਿੰਘ ਐਡਵੋਕੇਟ, ਅਭਿਸ਼ੇਕ ਭੰਗਰ, ਅਮਿਤ ਸ਼ਰਮਾ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਨੇ ਸੂਬੇ ਦੇ ਹਾਲਾਤ ਖਰਾਬ ਕੀਤੇ ਹਨ। ਸਮਾਜ ਦੇ ਸਾਰੇ ਵਰਗ ਪ੍ਰੇਸ਼ਾਨ ਹਨ। ਬੇਰੁਜ਼ਗਾਰੀ ’ਤੇ ਕੋਈ ਕੰਟਰੋਲ ਨਹੀਂ, ਹਸਪਤਾਲਾਂ ਵਿੱਚ ਡਾਕਟਰ ਅਤੇ ਸਕੂਲਾਂ ਵਿੱਚ ਅਧਿਆਪਕ ਨਹੀਂ। ਕਾਂਗਰਸ ਦੀ ਸਰਕਾਰ ਬਣਨ ’ਤੇ ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ। ਜਗਾਧਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਦਰਸ਼ ਪਾਲ ਨੇ ਕਿਹਾ ਕਿ ਉਹ ਸਥਾਨਕ ਮੁੱਦਿਆਂ ’ਤੇ ਚੋਣ ਲੜਨਗੇ ਅਤੇ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਹੋਰਨਾਂ ਪਾਰਟੀਆਂ ਨੂੰ ਲੋਕਾਂ ਨੇ ਅਜ਼ਮਾ ਲਿਆ ਹੈ ਹੁਣ ਸਾਡੀ ਵਾਰੀ ਹੈ।