ਪਟਿਆਲਾ ’ਚ ਬਿਨਾਂ ਪਰਮਿਟ ਚੱਲ ਰਹੀਆਂ ਦੋ ਬੱਸਾਂ ਫੜੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਨਵੰਬਰ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਪੀਆਰਟੀਸੀ ਨੂੰ ਚੂਨਾ ਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਇਸ ਤਹਤਿ ਉਹ ਅਧਿਕਾਰੀਆਂ ਨੂੰ ਨਾਲ ਲੈ ਕੇ ਅੱਧੀ ਰਾਤ ਨੂੰ ਵੀ ਚੈਕਿੰਗ ਕਰਦੇ ਰਹਿੰਦੇ ਹਨ। ਬੀਤੀ ਰਾਤ ਵੀ ਉਨ੍ਹਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਵੱਖ-ਵੱਖ ਕੰਪਨੀਆਂ ਦੀਆਂ ਦੋ ਬੱਸਾਂ ਨੂੰ ਕਾਬੂ ਕੀਤਾ। ਇਨ੍ਹਾਂ ਵਿਚੋਂ ਇੱਕ ਬੱਸ ਚੰਡੀਗੜ੍ਹ ਤੋਂ ਬੀਕਾਨੇਰ ਅਤੇ ਦੂਜੀ ਬੱਸ ਚੰਡੀਗੜ੍ਹ ਤੋਂ ਜੈਪੁਰ ਜਾ ਰਹੀ ਸੀ।
ਚੇਅਰਮੈਨ ਰਣਜੋਧ ਹਡਾਣਾ ਨੇ ਇੱਥੇ ਰਾਜਿੰਦਰਾ ਹਸਪਤਾਲ ਕੋਲ ਵਿਛਾਏ ਗਏ ਜਾਲ ਦੌਰਾਨ ਦੋਹਾਂ ਬੱਸਾਂ ਨੂੰ ਕਾਬੂ ਕੀਤਾ ਹੈ। ਚੈੱੱਕ ਕਰਨ ’ਤੇ ਪ੍ਰਬੰਧਕਾਂ ਕੋਲ ਲੋੜੀਂਦੇ ਦਸਤਾਵੇਜ਼ ਨਾ ਹੋਣ ’ਤੇ ਦੋਹਾਂ ਬੱੱਸਾਂ ਬਿਨਾਂ ਪਰਮਿਟ ਤੋਂ ਚੱਲਦੀਆਂ ਹੋਣ ਕਰ ਕੇ ਵੱਡੇ ਜੁਰਮਾਨੇ ਕੀਤੇ ਗਏ। ਚੈਕਿੰਗ ਮੁਹਿੰਮ ਦੌਰਾਨ ਉਹ ਪਿਛਲੇ ਵੀਹ ਦਿਨਾਂ ਦੌਰਾਨ ਬਿਨਾਂ ਪਰਮਿਟ ਤੋਂ ਚੱਲਦੀਆਂ 20 ਬੱਸਾਂ ਫੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਚੈਕਿੰਗ ਮੁਹਿੰਮ ਜਾਰੀ ਰਹੇਗੀ। ਹਡਾਣਾ ਨੇ ਚਤਿਾਵਨੀ ਦਿੱਤੀ ਕਿ ਪਿਛਲੀਆਂ ਸਰਕਾਰਾਂ ਵਿੱਚ ਅਜਿਹੇ ਗੋਰਖਧੰਦੇ ਕਰਨ ਵਾਲੀਆਂ ਕੰਪਨੀਆਂ ਦੇ ਮਾਲਕਾਂ ਨੂੰ ਹੁਣ ਆਪਣੇ ਇਰਾਦੇ ਬਦਲ ਲੈਣੇ ਚਾਹੀਦੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਇਮਾਨਦਾਰ ਸਰਕਾਰ ਅਜਿਹੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਮੌਕੇ ਪੀਆਰਟੀਸੀ ਪਟਿਆਲਾ ਦੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ, ਚੀਫ ਇੰਸਪੈਕਟਰ ਕਰਮਚੰਦ, ਮਨੋਜ ਕੁਮਾਰ, ਇੰਸਪੈਕਟਰ ਅਮਨਦੀਪ ਸਿੰਘ, ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਤੇ ਅਮਰਦੀਪ ਸਿੰਘ ਮੌਜੂਦ ਸਨ। ਪੀਆਰਟੀਸੀ ਦੇ ਬੁਲਾਰੇ ਨੇ ਦੱਸਿਆ ਕਿ ਦੋਹਾਂ ਬੱੱਸਾਂ ਨੂੰ ਥਾਣੇ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।