ਕਿਸਾਨ ਮਹਾਪੰਚਾਇਤ ’ਚ ਜਾ ਰਹੀਆਂ ਦੋ ਬੱਸਾਂ ਹਾਦਸੇ ਦਾ ਸ਼ਿਕਾਰ, 3 ਕਿਸਾਨ ਬੀਬੀਆਂ ਦੀ ਮੌਤ, 41 ਜ਼ਖ਼ਮੀ
ਰਵਿੰਦਰ ਰਵੀ
ਬਰਨਾਲਾ, 4 ਜਨਵਰੀ
ਕਿਸਾਨ ਯੂਨੀਅਨਾਂ ਵੱਲੋਂ ਟੋਹਾਣਾ ਤੇ ਢਾਬੀ ਗੁੱਜਰਾਂ (ਖਨੌਰੀ ਬਾਰਡਰ) ਉੱਤੇ ਰੱਖੀਆਂ ਮਹਾਪੰਚਾਇਤਾਂ ’ਚ ਸ਼ਾਮਲ ਹੋਣ ਜਾ ਰਹੀਆਂ ਕਿਸਾਨਾਂ ਨਾਲ ਭਰੀਆਂ ਦੋ ਬੱਸਾਂ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੱਖ ਵੱਖ ਥਾਵਾਂ ’ਤੇ ਹਾਦਸੇ ਦਾ ਸ਼ਿਕਾਰ ਹੋ ਗਈਆਂ। ਹਾਦਸਿਆਂ ’ਚ ਤਿੰਨ ਕਿਸਾਨ ਬੀਬੀਆਂ ਦੀ ਮੌਤ ਹੋ ਗਈ ਤੇ 41 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇਕ ਹਾਦਸੇ ’ਚ ਪੰਜ ਤੇ ਦੂਜੇ ਵਿਚ 36 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ।
ਜਾਣਕਾਰੀ ਅਨੁਸਾਰ ਪਿੰਡ ਕੋਠਾਗੁਰੂ (ਜ਼ਿਲ੍ਹਾ ਬਠਿੰਡਾ) ਤੋਂ ਟੋਹਾਣਾ (ਹਰਿਆਣਾ) ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਭਾਕਿਯੂ ਏਕਤਾ ਉਗਰਾਹਾਂ ਦੀ ਬੱਸ ਬਠਿੰਡਾ-ਬਰਨਾਲਾ ਹਾਈਵੇ ’ਤੇ ਚੜ੍ਹਨ ਵੇਲੇ ਸੰਘਣੀ ਧੁੰਦ ਕਾਰਨ ਕੂਹਣੀ ਮੋੜ ਤੋਂ ਪਲਟ ਗਈ। ਬੱਸ ਪਲਟਦੇ ਹੀ ਚੀਕ ਚਿਹਾੜਾ ਪੈ ਗਿਆ ਅਤੇ ਇਸ ਭਿਾਅਨਕ ਹਾਦਸੇ ਜਸਵੀਰ ਕੌਰ ਪਤਨੀ ਜੀਤ ਸਿੰਘ, ਸਰਬਜੀਤ ਕੌਰ ਪਤਨੀ ਸੁੱਖਾ ਨੰਬਰਦਾਰ ਅਤੇ ਬਲਵੀਰ ਕੌਰ ਪਤਨੀ ਬੰਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਕਈ ਕਿਸਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
ਇਕ ਹੋਰ ਹਾਦਸੇ ਵਿਚ ਭਾਕਿਯੂ ਸਿੱਧੂਪੁਰ ਦੀ ਡੱਲੇਵਾਲ ਤੋਂ ਖਨੌਰੀ ਜਾ ਰਹੀ ਬੱਸ ਦੀ ਬਰਨਾਲਾ-ਬਾਜਾਖਾਨਾ ਰੋਡ ’ਤੇ ਸੋਹਲ ਪੱਤੀ ਨਜ਼ਦੀਕ ਜ਼ਿਲ੍ਹਾ ਜੇਲ੍ਹ ਕੋਲ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ’ਚ 30 ਤੋਂ ਵੱਧ ਫੱਟੜ ਕਿਸਾਨਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।