ਜਾਅਲੀ ਬਿੱਲਾਂ ਦਾ ਕਾਰੋਬਾਰ ਕਰਨ ਵਾਲੇ ਦੋ ਭਰਾ ਨਾਮਜ਼ਦ
ਲੁਧਿਆਣਾ (ਟਨਸ): ਫਰਜ਼ੀ ਫਰਮ ਬਣਾ ਕੇ ਹਵਾਲਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਮਿਲੀਭੁਗਤ ਨਾਲ ਜਾਅਲੀ ਬਿੱਲਾਂ ਦਾ ਕਾਰੋਬਾਰ ਕਰਨ ਵਾਲੇ ਦੋ ਭਰਾਵਾਂ ਖਿਲਾਫ਼ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਰਵਾਈ ਕੀਤੀ ਹੈ। ਸੂਚਨਾ ’ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਰਾਮ ਨਗਰ ਵਾਸੀ ਮਨੀ ਬਾਂਸਲ ਅਤੇ ਛਾਉਣੀ ਮੁਹੱਲੇ ਦੇ ਵਾਸੀ ਬਾਭਿਵ ਬਾਂਸਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਮਨੀ ਅਤੇ ਉਸ ਦੇ ਭਰਾ ਨੇ ਮਿਲ ਕੇ ਗਿੱਲ ਰੋਡ ਪੰਨਾ ਸਿੰਘ ਪਕੌੜਿਆਂ ਵਾਲੇ ਦੀ ਦੁਕਾਨ ਦੇ ਪਿਛਲੇ ਪਾਸੇ ਵਾਲੀ ਸਾਈਡ ’ਤੇ ਦਫ਼ਤਰ ਬਣਾਇਆ ਹੋਇਆ ਹੈ। ਮੁਲਜ਼ਮ ਮਨੀ ਅਤੇ ਉਸ ਦਾ ਭਰਾ ਬਾਭਿਵ ਬਾਂਸਲ ਜਾਅਲੀ ਫਰਮ ਤਿਆਰ ਕਰਦੇ ਸਨ। ਮੁਲਜ਼ਮ ਇਨ੍ਹਾਂ ਜਾਅਲੀ ਫਰਮਾਂ ਦੇ ਨਾਂ ’ਤੇ ਹਵਾਲਾ ਦਾ ਕਾਰੋਬਾਰ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਫਰਜ਼ੀ ਬਿਲਿੰਗ ਦਾ ਕਾਰੋਬਾਰ ਕਰਦੇ ਸਨ। ਪੁਲੀਸ ਅਨੁਸਾਰ ਮੁਲਜ਼ਮ ਜਾਅਲੀ ਬਿੱਲ ਤਿਆਰ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਂਦੇ ਸਨ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਗਈ ਤੇ ਦੋਸ਼ ਸਹੀ ਮਿਲਣ ’ਤੇ ਮੁਲਜ਼ਮਾਂ ਖਿਲਾਫ਼ ਥਾਣਾ ਡਿਵੀਜ਼ਨ ਛੇ ਵਿੱਚ ਮਾਮਲਾ ਦਰਜ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦਫ਼ਤਰ ਵਿੱਚ ਛਾਪੇਮਾਰੀ ਵੀ ਕੀਤੀ, ਪਰ ਮੁਲਜ਼ਮ ਉੱਥੋਂ ਨਹੀਂ ਮਿਲੇ।