ਫ਼ਰਜ਼ੀ ਸੀਬੀਆਈ ਅਧਿਕਾਰੀ ਬਣ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਭਰਾ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜਨਵਰੀ
ਥਾਣਾ ਈ ਡਿਵੀਜ਼ਨ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਕੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਸਨ। ਇਸ ਸਬੰਧੀ ਥਾਣਾ ਈ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਜੇਪਾਲ ਸਿੰਘ (27) ਅਤੇ ਅੰਮ੍ਰਿਤ ਪਾਲ ਸਿੰਘ (24) ਦੋਵੇਂ ਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਇਹ ਦੋਵੇਂ ਸਕੇ ਭਰਾ ਹਨ ਅਤੇ ਦੋਵੇਂ ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਅਜੇਪਾਲ ਸਿੰਘ ਉਨ੍ਹਾਂ ਦੇ ਘਰ ਨੇੜੇ ਕਿਰਾਏ ’ਤੇ ਰਹਿ ਰਿਹਾ ਸੀ। ਇਸ ਦੌਰਾਨ ਉਹ, ਉਸ ਦੇ ਪੁੱਤਰ ਪੁੱਤਰ ਚੰਨਪ੍ਰੀਤ ਸਿੰਘ (20) ਦਾ ਦੋਸਤ ਬਣ ਗਿਆ। ਅਜੇਪਾਲ ਆਪਣੇ ਆਪ ਨੂੰ ਸੀਬੀਆਈ ਦਾ ਸਪੈਸ਼ਲ ਅਫਸਰ ਦੱਸਦਾ ਹੈ। ਉਸ ਦਾ ਛੋਟਾ ਭਰਾ ਅੰਮ੍ਰਿਤ ਪਾਲ ਆਪਣੇ ਆਪ ਨੂੰ ਪੰਜਾਬ ਪੁਲੀਸ ਦਾ ਸਿਪਾਹੀ ਦੱਸਦਾ ਹੈ। ਇਨ੍ਹਾਂ ਨੇ ਉਸ ਦੇ ਮੁੰਡੇ ਨੂੰ ਪੁਲੀਸ ਵਿੱਚ ਭਰਤੀ ਕਰਵਾਉਣ ਲਈ 10 ਲੱਖ ਰੁਪਏ ਲਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਜਾਂਚ ਦੌਰਾਨ ਇਨ੍ਹਾਂ ਦੇ ਕਮਰੇ ਵਿੱਚੋਂ ਸੀਬੀਆਈ ਦਾ ਜਾਅਲੀ ਸ਼ਨਾਖਤੀ ਕਾਰਡ, ਸਿਪਾਹੀ ਦੀ ਭਰਤੀ ਸਬੰਧੀ ਤਿਆਰ ਕੀਤੇ ਪੱਤਰ ਅਤੇ ਦੋ ਲੱਖ ਰੁਪਏ ਬਰਾਮਦ ਹੋਏ ਹਨ। ਅੰਮ੍ਰਿਤ ਪਾਲ ਸਿੰਘ ਕੋਲੋਂ ਪੰਜਾਬ ਪੁਲੀਸ ਦੇ ਸਿਪਾਹੀ ਦੀ ਵਰਦੀ ਬਰਾਮਦ ਹੋਈ। ਇਸ ਤੋਂ ਇਲਾਵਾ ਜਤਿੰਦਰ ਕੁਮਾਰ ਵਾਸੀ ਪਿੰਡ ਜੈਂਤੀਪੁਰ ਕੋਲੋਂ ਵੀ ਇਨ੍ਹਾਂ ਨੇ ਉਸ ਦੇ ਭਾਣਜੇ ਨਿਖਿਲ ਨੂੰ ਪੁਲੀਸ ਵਿੱਚ ਭਰਤੀ ਕਰਾਉਣ ਲਈ 6 ਲੱਖ ਰੁਪਏ ਲਏ ਸਨ।