ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦੋ ਪੁਸਤਕਾਂ ਰਿਲੀਜ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਅਕਤੂਬਰ,
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਕਰਵਾਏ ਸਾਹਿਤਕ ਸਮਾਗਮ ਦੌਰਾਨ ਮਨਜਿੰਦਰ ਸਿੰਘ ਸਰਾਂ ਚੰਗੇਰੀ (ਬੁਢਲਾਡਾ) ਰਚਿਤ ਕਹਾਣੀ ਸੰਗ੍ਰਹਿ ‘ਚੰਗੇਰੀ ਜੀਵਨ ਨਿਰਬਾਹ ਸਿਖਲਾਈ’ ਭਾਗ ਦੂਜਾ ਅਤੇ ਸਾਧੂ ਰਾਮ ਲੰਗੇਆਣਾ ਦੇ ਬਾਲ ਨਾਵਲ ‘ਭੂਤਾਂ ਦੇ ਸਿਰਨਾਵੇਂ’ ਰਿਲੀਜ਼ ਕੀਤਾ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕੀਤੀ ਤੇ ਸਿੱਖਿਆ ਸ਼ਾਸਤਰੀ ਰਾਜ ਕੁਮਾਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਡਾ. ਗੁਰਬਚਨ ਸਿੰਘ ਰਾਹੀ, ਭਾਸ਼ਾ ਵਿਗਿਆਨੀ ਡਾ. ਦਵਿੰਦਰ ਸਿੰਘ, ਸਾਹਿਤਕ ਪਾਠਕ ਸੁਰਿੰਦਰ ਕੌਰ ਸੰਗਰੂਰ ਅਤੇ ਬਹੁਪੱਖੀ ਲੇਖਕ ਹੇਮਰਿਸ਼ੀ ਸਨ। ਰਾਜਕੁਮਾਰ ਸਿੰਗਲਾ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਮਨੁੱਖ ਆਪਣੀ ਲਗਨ, ਮਿਹਨਤ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਸਿੱਖਿਆ ਅਤੇ ਸਾਹਿਤ ਦੇ ਖੇਤਰਾਂ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਡਾ. ਗੁਰਬਚਨ ਸਿੰਘ ਰਾਹੀ ਦਾ ਮਤ ਸੀ ਕਿ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗਾਈਡਾਂ ਆਦਿ ਦੀ ਥਾਂ ਮੂਲ ਸ੍ਰੋਤਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਸੁਰਿੰਦਰ ਕੌਰ ਦਾ ਕਹਿਣਾ ਸੀ ਕਿ ਚੰਗਾ ਸਾਹਿਤ ਪਾਠਕ ਦਾ ਮਾਰਗ ਦਰਸ਼ਨ ਕਰਦਾ ਹੈ। ਪੁਸਤਕ ਲੋਕ ਅਰਪਣ ਹੋਣ ਉਪਰੰਤ ਮਨਜਿੰਦਰ ਸਿੰਘ ਸਰਾਂ ਚੰਗੇਰੀ ਨੇ ਕਹਾਣੀਆਂ ਦੀ ਰਚਨਾ ਪ੍ਰਕਿਰਿਆ ਬਾਰੇ ਚਾਨਣਾ ਪਾਇਆ।