ਮੁੰਬਈ ਤੱਟ ’ਤੇ ਦੋ ਕਿਸ਼ਤੀਆਂ ਵਿਚਾਲੇ ਟੱਕਰ, 13 ਹਲਾਕ
ਮੁੰਬਈ, 18 ਦਸੰਬਰ
ਮੁੰਬਈ ਤੱਟ ’ਤੇ ਅੱਜ ਜਲ ਸੈਨਾ ਦੀ ਸਪੀਡ ਕਿਸ਼ਤੀ ਇੱਕ ਹੋਰ ਕਿਸ਼ਤੀ ਨਾਲ ਟਕਰਾਉਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 99 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਦਿਆਂ ਦੱਸਿਆ ਕਿ ਮ੍ਰਿਤਕਾਂ ’ਚ ਇੱਕ ਜਲ ਸੈਨਾ ਦਾ ਜਵਾਨ ਵੀ ਸ਼ਾਮਲ ਹੈ। ਫੜਨਵੀਸ ਨੇ ਦੱਸਿਆ ਕਿ ਨੀਲਕਮਲ ਨਾਮ ਦੀ ਕਿਸ਼ਤੀ ਜਦੋਂ ਮੁੰਬਈ ਨੇੜੇ ਮਸ਼ਹੂਰ ਸੈਰ-ਸਪਾਟਾ ਸਥਾਨ ਐਲੀਫੈਂਟਾ ਟਾਪੂ ਵੱਲ ਜਾ ਰਹੀ ਸੀ ਤਾਂ ਸ਼ਾਮ ਕਰੀਬ 4 ਵਜੇ ਜਲ ਸੈਨਾ ਦੀ ਸਪੀਡ ਕਿਸ਼ਤੀ ਇਸ ਨਾਲ ਟਕਰਾ ਗਈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿਸ਼ਤੀਆਂ ਵਿੱਚ ਕਿੰਨੇ ਲੋਕ ਸਵਾਰ ਸਨ। ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਤੇ ਤੱਟ ਰੱਖਿਅਕ ਬਲ ਨੇ ਘਟਨਾ ਸਥਾਨ ’ਤੇ ਵੱਡੇ ਪੱਧਰ ’ਤੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਚਾਅ ਮੁਹਿੰਮ ਵਿੱਚ ਜਲ ਸੈਨਾ ਦੀਆਂ 11 ਕਿਸ਼ਤੀਆਂ, ਸਮੁੰਦਰੀ ਪੁਲੀਸ ਦੀਆਂ ਤਿੰਨ ਕਿਸ਼ਤੀਆਂ ਅਤੇ ਤੱਟ ਰੱਖਿਅਕ ਬਲ ਦੀ ਇਕ ਕਿਸ਼ਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਤੇ ਬਚਾਅ ਮੁਹਿੰਮ ਲਈ ਚਾਰ ਹੈਲੀਕਾਪਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ, ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਿਟੀ ਦੇ ਕਰਮਚਾਰੀ ਅਤੇ ਇਲਾਕੇ ਦੇ ਮਛੇਰੇ ਰਾਹਤ ਤੇ ਬਚਾਅ ਕਾਰਜ ਵਿੱਚ ਸ਼ਾਮਲ ਹਨ। -ਪੀਟੀਆਈ