ਜੰਮੂ ਕਸ਼ਮੀਰ ਨਾਲ ਸਬੰਧਤ ਦੋ ਬਿੱਲ ਸੰਸਦ ਵਿੱਚ ਪਾਸ
ਨਵੀਂ ਦਿੱਲੀ, 11 ਦਸੰਬਰ
ਜੰਮੂ ਕਸ਼ਮੀਰ ਨਾਲ ਸਬੰਧਤ ਦੋ ਬਿੱਲਾਂ ਨੂੰ ਰਾਜ ਸਭਾ ’ਚ ਜ਼ੁਬਾਨੀ ਵੋਟਾਂ ਨਾਲ ਪ੍ਰਵਾਨਗੀ ਮਿਲਣ ਮਗਰੋਂ ਉਹ ਸੰਸਦ ’ਚ ਪਾਸ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਨਵੇਂ ਅਤੇ ਵਿਕਸਤ ਕਸ਼ਮੀਰ’ ਦੀ ਸ਼ੁਰੂਆਤ ਹੋ ਗਈ ਹੈ ਜੋ ਅਤਿਵਾਦ ਤੋਂ ਮੁਕਤ ਹੋਵੇਗਾ।
ਲੋਕ ਸਭਾ ਨੇ ਪਿਛਲੇ ਹਫ਼ਤੇ ਹੀ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ ਅਤੇ ਜੰਮੂ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ ਪਾਸ ਕਰ ਦਿੱਤਾ ਸੀ। ਸ਼ਾਹ ਨੇ ਕਿਹਾ ਕਿ ਸਰਕਾਰ ਵੱਲੋਂ ਜੰਮੂ ਕਸ਼ਮੀਰ ਨਾਲ ਸਬੰਧਤ ਲਿਆਂਦੇ ਗਏ ਬਿੱਲਾਂ ਨਾਲ ਪਿਛਲੇ 75 ਸਾਲਾਂ ਤੋਂ ਆਪਣੇ ਹੱਕਾਂ ਤੋਂ ਵਾਂਝੇ ਲੋਕਾਂ ਨੂੰ ਇਨਸਾਫ਼ ਮਿਲੇਗਾ ਅਤੇ ਉਜੜੇ ਲੋਕਾਂ ਨੂੰ ਰਾਖਵਾਂਕਰਨ ਦੇਣ ਨਾਲ ਵਿਧਾਨ ਸਭਾ ’ਚ ਉਨ੍ਹਾਂ ਦੀ ਆਵਾਜ਼ ਬੁਲੰਦ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀਆਂ ਗਲਤੀਆਂ ਦਾ ਖਮਿਆਜ਼ਾ ਜੰਮੂ ਕਸ਼ਮੀਰ ਨੂੰ ਭੁਗਤਣਾ ਪਿਆ। ਗ੍ਰਹਿ ਮੰਤਰੀ ਵੱਲੋਂ ਚਰਚਾ ਦੇ ਦਿੱਤੇ ਜਾ ਰਹੇ ਜਵਾਬ ਦੌਰਾਨ ਹੀ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਡੀਐੱਮਕੇ ਮੈਂਬਰ ਐੱਮ ਮੁਹੰਮਦ ਅਬਦੁੱਲਾ ਵੱਲੋਂ ਧਾਰਾ 370 ਰੱਦ ਕਰਨ ਨੂੰ ਸੰਘਵਾਦ ’ਤੇ ਹਮਲਾ ਕਰਾਰ ਦੇਣ ’ਤੇ ਸਦਨ ’ਚ ਹੰਗਾਮਾ ਹੋ ਗਿਆ। ਚੇਅਰਮੈਨ ਜਗਦੀਪ ਧਨਖੜ ਨੇ ਬਿਆਨ ਨੂੰ ਸਦਨ ਦੀ ਕਾਰਵਾਈ ’ਚੋਂ ਕੱਢ ਦਿੱਤਾ ਤੇ ਸੰਸਦ ਮੈਂਬਰਾਂ ਨੂੰ ਬੋਲਣ ਸਮੇਂ ਮਰਿਆਦਾ ਦਾ ਧਿਆਨ ਰੱਖਣ ਲਈ ਕਿਹਾ। ਦੋ ਬਿੱਲਾਂ ਦਾ ਵਿਰੋਧ ਕਰਦਿਆਂ ਅਬਦੁੱਲਾ ਨੇ ਦ੍ਰਾਵਿੜ ਅੰਦੋਲਨ ਦੇ ਬਾਨੀ ਪੇਰੀਆਰ ਦਾ ਜ਼ਿਕਰ ਕੀਤਾ ਅਤੇ ਸਰਕਾਰ ਨੂੰ ਕਿਹਾ ਕਿ ਉਹ ਜੰਮੂ ਕਸ਼ਮੀਰ ’ਚ ਕਈ ਮੁੱਦਿਆਂ ਦੇ ਹੱਲ ਲਈ ਢੁੱਕਵੇਂ ਕਦਮ ਚੁੱਕੇ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝਿਆ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕਾਂਗਰਸ ਨੂੰ ਇਸ ਬਿਆਨ ਖ਼ਿਲਾਫ਼ ਆਪਣੇ ਭਾਈਵਾਲ ਵਿਰੁੱਧ ਬੋਲਣਾ ਚਾਹੀਦਾ ਹੈ। ਕਾਂਗਰਸ ਆਗੂ ਕੇ ਸੀ ਵੇਣੂਗੋਪਾਲ ਨੇ ਚੇਅਰਮੈਨ ਨੂੰ ਕਿਹਾ ਕਿ ਉਹ ਰਿਕਾਰਡ ਚੈੱਕ ਕਰਕੇ ਤਸਦੀਕ ਕਰਨ ਕੇ ਪੇਰੀਆਰ ਦੇ ਬਿਆਨ ਦਾ ਕਿਸ ਸੰਦਰਭ ’ਚ ਡੀਐੱਮਕੇ ਮੈਂਬਰ ਨੇ ਜ਼ਿਕਰ ਕੀਤਾ ਹੈ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਬਦੁੱਲਾ ਨੇ ਸਿਰਫ਼ ਪੇਰੀਆਰ ਦਾ ਜ਼ਿਕਰ ਕੀਤਾ ਹੈ ਤੇ ਕਿਸੇ ਨੂੰ ਸਦਨ ’ਚ ਬੋਲਣ ਤੋਂ ਰੋਕਣਾ ਗ਼ੈਰਜਮਹੂਰੀ ਵਰਤਾਰਾ ਹੈ। ਸੀਪੀਆਈ ਮੈਂਬਰ ਸੰਦੋਸ਼ ਕੁਮਾਰ ਪੀ ਨੇ ਮੰਗ ਕੀਤੀ ਕਿ ਟਰੁੱਥ ਅਤੇ ਸੁਲ੍ਹਾ-ਸਫਾਈ ਕਮਿਸ਼ਨ ਸਥਾਪਤ ਕੀਤਾ ਜਾਵੇ। ਸ਼ਿਵ ਸੈਨਾ (ਯੂਬੀਟੀ) ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਧਾਰਾ 370 ਹਟਾਉਣ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ। -ਪੀਟੀਆਈ