For the best experience, open
https://m.punjabitribuneonline.com
on your mobile browser.
Advertisement

ਫੌਜ ਦੇ ਨਾਇਬ ਸੂਬੇਦਾਰ ਕੋਲੋਂ ਰਿਸ਼ਵਤ ਲੈਂਦੇ ਦੋ ਆਡਿਟਰ ਕਾਬੂ

08:34 AM Aug 25, 2024 IST
ਫੌਜ ਦੇ ਨਾਇਬ ਸੂਬੇਦਾਰ ਕੋਲੋਂ ਰਿਸ਼ਵਤ ਲੈਂਦੇ ਦੋ ਆਡਿਟਰ ਕਾਬੂ
ਫਿਰੋਜ਼ਪੁਰ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ।
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਗਸਤ
ਵਿਜੀਲੈਂਸ ਬਿਊਰੋ ਦੀ ਸਥਾਨਕ ਟੀਮ ਨੇ ਫੌਜ ਦੇ ਇੱਕ ਨਾਇਬ ਸੂਬੇਦਾਰ ਕੋਲੋਂ ਸਰਕਾਰੀ ਕੰਮ ਲਈ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪੰਜਾਬ ਸਰਕਾਰ ਦੇ ਦੋ ਆਡੀਟਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਭਲਕੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐੱਸਐੱਸਪੀ ਵਿਜੀਲੈਂਸ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋ ਆਡੀਟਰਾਂ ਦੀ ਗ੍ਰਿਫ਼ਤਾਰੀ ਸਥਾਨਕ 17ਵੀਂ ਰਾਜਪੂਤ ਰੈਜੀਮੈਂਟ ਵਿੱਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸੱਤਿਆ ਪ੍ਰਕਾਸ਼ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸੱਤਿਆ ਪ੍ਰਕਾਸ਼ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਆਡਿਟਰ ਜਗਜੀਤ ਸਿੰਘ ਅਤੇ ਅਮਿਤ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-24 ਲਈ ਉਸ ਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਸੀ ਪਰ ਉਨ੍ਹਾਂ ਨੇ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ ਡੇਢ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।
ਸੱਤਿਆ ਪ੍ਰਕਾਸ਼ ਮੁਤਾਬਕ ਆਡੀਟਰ ਜਗਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਉੁਸ ਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਮੰਗ ਦੁਹਰਾਈ ਅਤੇ ਉਸ ਨੇ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫ਼ੋਨ ’ਚ ਰਿਕਾਰਡ ਕਰ ਲਿਆ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਦੀ ਟੀਮ ਨੇ ਅੱਜ ਜਾਲ ਵਿਛਾ ਕੇ ਦੋਵੇਂ ਆਡਿਟਰਾਂ ਨੂੰ ਸ਼ਿਕਾੲਤਕਰਤਾ ਕੋਲੋਂ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕਰ ਲਿਆ।

Advertisement

Advertisement
Advertisement
Author Image

sukhwinder singh

View all posts

Advertisement