ਪੁਲੀਸ ਮੁਕਾਬਲੇ ’ਚ ਦਾਸੂਵਾਲ ਗਰੋਹ ਦੇ ਦੋ ਸਾਥੀ ਜ਼ਖ਼ਮੀ
ਗੁਰਬਖਸ਼ਪੁਰੀ
ਤਰਨ ਤਾਰਨ, 7 ਜਨਵਰੀ
ਵਲਟੋਹਾ ਵਿੱਚ ਅੱਜ ਪੁਲੀਸ ਮੁਕਾਬਲੇ ਵਿੱਚ ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਸਾਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਦੋਵਾਂ ਜਣਿਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇਥੇ ਦੱਸਿਆ ਕਿ ਇਲਾਕੇ ਨਾਲ ਸਬੰਧਿਤ ਸ਼ੱਕੀਆਂ ਦੀ ਸ਼ਨਾਖਤ ਕਰਨਪ੍ਰੀਤ ਸਿੰਘ ਉਰਫ ਕਰਨ ਵਾਸੀ ਤੂਤ ਅਤੇ ਗੁਰਲਾਲਜੀਤ ਸਿੰਘ ਵਾਸੀ ਭੰਗਾਲਾ ਵਜੋਂ ਹੋਈ ਹੈ ਜਿਨ੍ਹਾਂ ਤੋਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਦਾਸੂਵਾਲ ਦਾ ਸਬੰਧ ਘਨਸ਼ਾਮਪੁਰੀਆ ਗਰੋਹ ਨਾਲ ਹੈ| ਕਰਨਪ੍ਰੀਤ ਸਿੰਘ ਅਤੇ ਗੁਰਲਾਲਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਘੜਿਆਲਾ ਦੇ ਕੈਮਿਸਟ ਸਟੋਰ ਅਤੇ ਖੇਮਕਰਨ ਦੇ ਆੜ੍ਹਤੀ ’ਤੇ ਗੋਲੀਆਂ ਚਲਾਈਆਂ ਸਨ| ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਅੱਜ ਸੂਹ ਮਿਲਣ ’ਤੇ ਪੁਲੀਸ ਨੇ ਨਾਕੇ ਲਾਏ ਤੇ ਉਨ੍ਹਾਂ ਨੂੰ ਘੇਰ ਲਿਆ ਜਿਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲੀਸ ਵਲੋਂ ਜਵਾਬੀ ਕਾਰਵਾਈ ਵਿੱਚ ਦੋਵੇਂ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ।