For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ ’ਚ ਚਿਨਮਯ ਕ੍ਰਿਸ਼ਨ ਦਾਸ ਦੇ ਦੋ ਸਾਥੀ ਗ੍ਰਿਫ਼ਤਾਰ

06:26 AM Dec 01, 2024 IST
ਬੰਗਲਾਦੇਸ਼ ’ਚ ਚਿਨਮਯ ਕ੍ਰਿਸ਼ਨ ਦਾਸ ਦੇ ਦੋ ਸਾਥੀ ਗ੍ਰਿਫ਼ਤਾਰ
Advertisement

ਢਾਕਾ, 30 ਨਵੰਬਰ
ਬੰਗਲਾਦੇਸ਼ ’ਚ ਗ੍ਰਿਫ਼ਤਾਰ ਕੀਤੇ ਇਸਕੌਨ ਦੇ ਸਾਬਕਾ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਦੇ ਦੋ ਸਾਥੀਆਂ ਨੂੰ ਅੱਜ ਚਟਗਾਓਂ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਇੱਕ ਹਿੰਦੂ ਆਗੂ ਵੱਲੋਂ ਚਲਾਈ ਜਾ ਰਹੀ ਸੰਸਥਾ ਕੁੰਡਲੀਧਾਮ ਮੱਠ ਵੱਲੋਂ ਦਿੱਤੀ ਗਈ ਹੈ। ਪੁਲੀਸ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ। ਕੁੰਡਲੀਧਾਮ ਮੱਠ ਦੇ ਬੁਲਾਰੇ ਪ੍ਰੋਫੈਸਰ ਕੁਸ਼ਲ ਬਾਰੁਨ ਚਕਰਵਰਤੀ ਨੇ ਦੱਸਿਆ, ‘ਚਿਨਮਯ ਦਾਸ ਦੇ ਸਾਥੀਆਂ ਆਦੀਨਾਥ ਪ੍ਰਭੂ ਅਤੇ ਰੰਗਨਾਥ ਦਾਸ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਸ਼ਹਿਰ ਵਿਚਲੀ ਜੇਲ੍ਹ ’ਚ ਬੰਦ ਹਿੰਦੂ ਆਗੂ ਲਈ ਖਾਣਾ ਲਿਜਾ ਰਹੇ ਸਨ।’
ਇਸੇ ਦੌਰਾਨ ਬੰਗਲਾਦੇਸ਼ ’ਚ ਚੱਲ ਰਹੀ ਹਿੰਸਾ ਤੇ ਮੁਜ਼ਾਹਰਿਆਂ ਵਿਚਾਲੇ ਚਟਗਾਓਂ ’ਚ ਭੀੜ ਨੇ ਨਾਅਰੇਬਾਜ਼ੀ ਕਰਦਿਆਂ ਤਿੰਨ ਮੰਦਰਾਂ ਦੀ ਭੰਨ-ਤੋੜ ਕੀਤੀ। ਇਹ ਹਮਲਾ ਬੀਤੇ ਦਿਨ ਤਕਰੀਬਨ ਬਾਅਦ ਦੁਪਹਿਰ 2.30 ਵਜੇ ਹਰੀਸ਼ ਚੰਦਰ ਮੁਨਸਫ ਲੇਨ ਇਲਾਕੇ ’ਚ ਹੋਇਆ ਅਤੇ ਇਸ ਦੌਰਾਨ ਸੰਤਨੇਸ਼ਵਰ ਮਾਤਰੀ ਮੰਦਰ, ਸ਼ੋਨੀ ਮੰਦਰ ਅਤੇ ਸ਼ਾਂਤਨੇਸ਼ਵਰੀ ਕਾਲੀਬਾੜੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਦੀ ਨਮਾਜ਼ ਮਗਰੋਂ ਸੈਂਕੜਿਆਂ ਦੀ ਗਿਣਤੀ ’ਚ ਲੋਕਾਂ ਨੇ ਮੰਦਰਾਂ ’ਤੇ ਹਮਲਾ ਕੀਤਾ, ਇੱਟਾਂ-ਰੋੜੇ ਮਾਰੇ ਅਤੇ ਸ਼ਨੀ ਮੰਦਰ ਤੇ ਦੋ ਹੋਰ ਮੰਦਰਾਂ ਦੇ ਗੇਟਾਂ ਨੂੰ ਨੁਕਸਾਨ ਪਹੁੰਚਾਇਆ। ਮੰਦਰ ਅਧਿਕਾਰੀਆਂ ਨੇ ਨੁਕਸਾਨ ਦੀ ਪੁਸ਼ਟੀ ਕੀਤੀ, ਜਿਸ ’ਚ ਟੁੱਟੇ ਹੋਏ ਗੇਟ ਸ਼ਾਮਲ ਹਨ। -ਆਈਏਐੱਨਐੱਸ

Advertisement

ਬੰਗਲਾਦੇਸ਼ ਦੀ ਚਿੰਤਾ ਦਾ ਹੱਲ ਕਰੇ ਭਾਰਤ: ਵਿਦੇਸ਼ ਵਿਭਾਗ

ਢਾਕਾ:

Advertisement

ਬੰਗਲਾਦੇਸ਼ ਨੇ ਹਿੰਦੂ ਪੁਜਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਰਤ ਨਾਲ ਚੱਲ ਰਹੇ ਕੂਟਨੀਤਕ ਵਿਵਾਦ ਵਿਚਾਲੇ ਅੱਜ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਸੁਧਾਰਨ ਲਈ ਭਾਰਤ ਨੂੰ ਉਸ ਦੀ ਚਿੰਤਾਵਾਂ ਦਾ ਹੱਲ ਕਰਨ ਦੀ ਲੋੜ ਹੈ। ਉਹ (ਬੰਗਲਾਦੇਸ਼) ਹਾਲਾਂਕਿ ਦੁਵੱਲੇ ਹਿੱਤਾਂ ਦੀ ਰਾਖੀ ਲਈ ਚੰਗੇ ਸਬੰਧਾਂ ਨੂੰ ਲੈ ਕੇ ਆਸਵੰਦ ਹੈ। ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਵੀ ਸਵੀਕਾਰ ਕੀਤਾ ਹੈ ਕਿ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ’ਚ ਤਬਦੀਲੀ ਆਈ ਹੈ। ਬੰਗਲਾਦੇਸ਼ ਨੇ ਘੱਟ ਗਿਣਤੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਵਿਭਾਗ ਨੂੰ ਦੱਸਿਆ ਕਿ ਢਾਕਾ ’ਚ ਹਿੰਦੂ ਨੇਤਾ ਦੀ ਗ੍ਰਿਫ਼ਤਾਰੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। -ਪੀਟੀਆਈ

ਹਿੰਦੂਆਂ ’ਤੇ ਜ਼ੁਲਮ ਬੰਦ ਹੋਣ: ਆਰਐੱਸਐੱਸ

ਨਵੀਂ ਦਿੱਲੀ:

ਰਾਸ਼ਟਰੀ ਸਵੈਸੇਵਕ ਸੰਘ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਅੱਜ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਹਿੰਦੂਆਂ ’ਤੇ ਜ਼ੁਲਮ ਬੰਦ ਹੋਣ ਅਤੇ ਹਿੰਦੂ ਧਾਰਮਿਕ ਆਗੂ ਚਿਨਮਯ ਕ੍ਰਿਸ਼ਨ ਦਾਸ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕੀਤਾ ਜਾਵੇ। ਆਰਐੱਸਐੱਸ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬਾਲੇ ਨੇ ਇੱਕ ਬਿਆਨ ’ਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ’ਚ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ’ਤੇ ਜ਼ੁਲਮ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇ ਅਤੇ ਉਨ੍ਹਾਂ ਪ੍ਰਤੀ ਹਮਾਇਤ ’ਚ ਆਲਮੀ ਰਾਏ ਬਣਾਉਣ ਲਈ ਜਲਦੀ ਤੋਂ ਜਲਦੀ ਲੋੜੀਂਦੇ ਕਦਮ ਚੁੱਕੇ। -ਪੀਟੀਆਈ

Advertisement
Author Image

joginder kumar

View all posts

Advertisement