ਨਾਕਾਬੰਦੀ ਦੌਰਾਨ ਅਸਲੇ ਸਮੇਤ ਦੋ ਗ੍ਰਿਫ਼ਤਾਰ
ਰਜਿੰਦਰ ਕੁਮਾਰ
ਬਲੂਆਣਾ, 29 ਸਤੰਬਰ
ਸੀਆਈਏ ਸਟਾਫ਼ ਨੇ ਪਿੰਡ ਕਿਲਿਆਂਵਾਲੀ ਨੇੜੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਚਾਰ ਨਾਜਾਇਜ਼ ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਦੋਵਾਂ ਖਿਲਾਫ਼ ਅਬੋਹਰ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਦੋਵਾਂ ਨੂੰ ਦੋ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਬਾਬਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ (ਡੀ) ਪ੍ਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਅਤੇ ਸੀਆਈ ਸਟਾਫ਼ ਦੇ ਇੰਚਾਰਜ ਰੁਪਿੰਦਰ ਪਾਲ ਸਿੰਘ ਵੱਲੋਂ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਆ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ 32 ਬੋਰ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸ਼ੀਸ਼ਪਾਲ ਅਤੇ ਭੀਮ ਸੈਨ ਉਰਫ ਭੀਮ ਗੋਦਾਰਾ ਵਾਸੀ ਪਿੰਡ ਪੰਜ ਕੋਸੀ ਵਜੋਂ ਹੋਈ। ਐੱਸਪੀ (ਡੀ) ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਖਿਲਾਫ਼ ਪੰਜਾਬ ਅਤੇ ਰਾਜਸਥਾਨ ਦੇ ਕਈ ਪੁਲੀਸ ਥਾਣਿਆਂ ਵਿੱਚ ਕੇਸ ਦਰਜ ਹਨ।