ਹੈਰੋਇਨ ਸਣੇ ਦੋ ਕਾਬੂ, ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 3 ਅਗਸਤ
ਥਾਣਾ ਸਦਰ ਬਲਾਚੌਰ ਦੀ ਪੁਲੀਸ ਵਲੋਂ ਵੱਖ-ਵੱਖ ਨਾਕਿਆਂ ’ਤੇ ਤਾਇਨਾਤ ਪੁਲਿਸ ਪਾਰਟੀਆਂ ਵਲੋਂ 17 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਕੀਤੇ ਗਏ ਹਨ। ਥਾਣਾ ਸਦਰ ਬਲਾਚੌਰ ਦੇ ਥਾਣਾ ਮੁਖੀ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਭਜਨ ਦਾਸ ਪੁਲੀਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਭੱਦੀ ਵੱਲ ਜਾ ਰਹੇ ਸਨ । ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਰਾਜੂ ਮਾਜਰਾ ਟੀ ਪੁਆਇੰਟ ਕੋਲ ਪੁੱਜੀ ਤਾਂ ਇੱਕ ਵਿਅਕਤੀ ਸਾਹਮਣੇ ਤੋਂ ਪੈਦਲ ਆਉਂਦਾ ਵਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਆਪਣੀ ਜੇਬ੍ਹ ਵਿੱਚੋਂ ਇੱਕ ਲਿਫਾਫਾ ਕੱਢ ਕੇ ਖੇਤਾਂ ਵੱਲ੍ਹ ਨੂੰ ਸੁੱਟ ਦਿੱਤਾ, ਪੁਲੀਸ ਪਾਰਟੀ ਨੇ ਨੌਜਵਾਨ ਨੂੰ ਫੜ ਕੇ ਜਦੋਂ ਉਸ ਲਿਫਾਫੇ ਨੂੰ ਚੁੱਕ ਕੇ ਵੇਖਿਆ ਤਾਂ ਉਸ ਵਿੱਚ ਹੈਰੋਇਨ ਸੀ, ਜਿਸ ਦਾ ਵਜ਼ਨ 7 ਗ੍ਰਾਮ ਸੀ। ਉਕਤ ਨੌਜਵਾਨ ਦੀ ਪਛਾਣ ਸਾਗਰ ਧਾਮੀ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ। ਇਸੇ ਤਰ੍ਹਾਂ ਏਐੱਸਆਈ ਜਰਨੈਲ ਸਿੰਘ ਦੀ ਪੁਲੀਸ ਪਾਰਟੀ ਵਲੋਂ ਥੋਪੀਆ ਮੋੜ ਟੀ ਪੁਆਇੰਟ ’ਤੇ ਇੱਕ ਨੌਜਵਾਨ ਦੀ ਚੈਕਿੰਗ ਕਰਨ ‘ਤੇ ਉਸ ਕੋਲੋਂ ਇੱਕ ਲਿਫਾਫੇ ਵਿੱਚ ਹੈਰੋਇਨ ਮਿਲੀ, ਜਿਸ ਦਾ ਵਜ਼ਨ 10 ਗ੍ਰਾਮ ਸੀ। ਨੌਜਵਾਨ ਦੀ ਪਛਾਣ ਮਨੋਜ ਕੁਮਾਰ ਉਰਫ ਮਨੂੰ ਵਾਸੀ ਪਿੰਡ ਥੋਪੀਆ ਵਜੋਂ ਹੋਈ। ਉਕਤ ਦੋਹਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।