ਨਸ਼ੀਲੇ ਪਦਾਰਥਾਂ ਸਣੇ ਦੋ ਕਾਬੂ
ਸੁਭਾਸ਼ ਚੰਦਰ
ਸਮਾਣਾ, 2 ਜਨਵਰੀ
ਸਦਰ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 18 ਕਿਲੋ ਭੁੱਕੀ ਅਤੇ 16 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਅਤੇ ਸੰਤਾ ਸਿੰਘ ਵਾਸੀ ਪਿੰਡ ਮਰੋੜੀ ਵੱਜੋਂ ਹੋਈ ਹੈ। ਸਦਰ ਥਾਣੇ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏਐੱਸਆਈ ਨਿਰਮਲ ਸਿੰਘ ਸਣੇ ਪੁਲੀਸ ਪਾਰਟੀ ਬੱਸ ਅੱਡਾ ਮਰਦਾਂਹੇੜੀ ਮੌਜੂਦ ਸੀ। ਇਸੇ ਦੌਰਾਨ ਇਤਲਾਹ ਮਿਲੀ ਕਿ ਪਿੰਡ ਗੁਰਦਿਆਲਪੁਰਾ ਬੀੜ ਵਿੱਚ ਇੱਕ ਵਿਅਕਤੀ ਭੁੱਕੀ ਵੇਚਣ ਲਈ ਗਾਹਕਾ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਮੁਲਜ਼ਮ ਸਰਬਜੀਤ ਸਿੰਘ ਨੂੰ 18 ਕਿਲੋ ਭੁੱਕੀ ਸਣੇ ਕਾਬੂ ਕਰ ਲਿਆ। ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ’ਚ ਏਐੱਸਆਈ ਰਣਜੀਤ ਸਿੰਘ ਸਣੇ ਪੁਲੀਸ ਪਾਰਟੀ ਬਾ-ਹਦ ਪਿੰਡ ਰਤਨਹੇੜੀ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਮੁਲਜ਼ਮ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਮੌਕੇ ’ਤੇ ਛਾਪਾ ਮਾਰ ਕੇ ਮੁਲਜ਼ਮ ਨੂੰ 16 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਲਿਆ।
ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਔਰਤ ਕਾਬੂ
ਘੱਗਾ (ਰਵੇਲ ਸਿੰਘ ਭਿੰਡਰ): ਥਾਣਾ ਘੱਗਾ ਅਧੀਨ ਪੈਂਦੇ ਪਿੰਡ ਦੇਧਨਾ ਦੀ ਇੱਕ ਔਰਤ ਵਿਰੁੱਧ ਨਾਜਾਇਜ਼ ਸ਼ਰਾਬ ਵੇਚਣ ’ਤੇ ਪੁਲੀਸ ਨੇ ਕਾਰਵਾਈ ਕੀਤੀ ਹੈ| ਵੇਰਵਿਆਂ ਮੁਤਾਬਿਕ ਪੁਲੀਸ ਕੰਟਰੋਲ ਰੂਮ ਪਟਿਆਲਾ ਨੂੰ ਮਿਲੀ ਇਤਲਾਹ ਮਗਰੋਂ ਸਥਾਨਕ ਪੁਲੀਸ ਵੱਲੋਂ ਦੇਧਨਾ ਪਿੰਡ ਦੀ ਸਰਬਜੀਤ ਕੌਰ ਦੇ ਘਰ ਛਾਪਾ ਮਾਰਿਆ ਗਿਆ। ਇਸ ਦੌਰਾਨ ਪੁਲੀਸ ਟੀਮ ਨੂੰ ਅੱਗੋਂ ਠੇਕਾ ਸ਼ਰਾਬ ਦੇਸੀ ਦੀਆਂ 42 ਬੋਤਲਾਂ ਬਰਾਮਦ ਹੋਈਆਂ, ਜਿਹੜੀਆਂ ਉਕਤ ਔਰਤ ਨੇ ਵੇਚਣ ਲਈ ਧਰੀਆਂ ਹੋਈਆਂ ਸਨ| ਪੁਲੀਸ ਨੇ ਥਾਣਾ ਘੱਗਾ ਵਿੱਚ ਸਰਬਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।