ਐੱਸਟੀਐੱਫ਼ ਵੱਲੋਂ 66 ਕਿੱਲੋ ਅਫ਼ੀਮ ਸਣੇ ਦੋ ਕਾਬੂ
ਗਗਨਦੀਪ ਅਰੋੜਾ
ਲੁਧਿਆਣਾ, 16 ਫਰਵਰੀ
ਝਾਰਖੰਡ ਤੋਂ ਸਕਾਰਪੀਓ ਵਿੱਚ ਅਫ਼ੀਮ ਲਿਆ ਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਸਪਲਾਈ ਕਰਨ ਵਾਲੇ 2 ਤਸਕਰਾਂ ਨੂੰ ਐੱਸਟੀਐੱਫ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉੜੀਸਾ ਵਾਸੀ ਗੁਰਦੇਵ ਸਿੰਘ ਅਤੇ ਜਗਰਾਉਂ ਵਾਸੀ ਤੇਜਿੰਦਰ ਸਿੰਘ ਮੋਨੂੰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਐੱਸਟੀਐੱਫ਼ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸਟੀਐੱਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਸਾਹਨੇਵਾਲ ਕੋਲ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਤਸਕਰ ਲੁਧਿਆਣਾ ਵੱਲ ਆ ਰਹੇ ਹਨ। ਨਾਕੇ ’ਤੇ ਜਦੋਂ ਸਕਾਰਪੀਓ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ’ਚ ਰੱਖੇ ਅਟੈਚੀ ’ਚੋਂ 66 ਕਿਲੋ ਅਫ਼ੀਮ ਬਰਾਮਦ ਹੋਈ। ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਗੁਰਦੇਵ ਸਿੰਘ ਗੱਡੀਆਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਅਤੇ ਝਾਰਖੰਡ ਤੋਂ ਅਫ਼ੀਮ ਲਿਆ ਕੇ ਸਪਲਾਈ ਕਰਦਾ ਸੀ। ਉਹ ਪਿਛਲੇ ਕਰੀਬ 5 ਸਾਲ ਤੋਂ ਇਸ ਧੰਦੇ ਵਿੱਚ ਸ਼ਾਮਿਲ ਹੈ। ਪੁਲੀਸ ਅਨੁਸਾਰ ਮੁਲਜ਼ਮ ਮੋਨੂੰ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ’ਚ ਅਗਵਾ ਕਰਕੇ ਕਤਲ ਦਾ ਕੇਸ ਦਰਜ ਹੋਇਆ ਸੀ ਜਿਸ ’ਚੋਂ ਉਹ ਬਰੀ ਹੋ ਗਿਆ ਸੀ। ਉਹ ਟਰੱਕ ਡਰਾਈਵਰੀ ਦੀ ਆੜ ਹੇਠ ਨਸ਼ਾ ਤਸਕਰੀ ਕਰਨ ਲੱਗਿਆ। ਦੋਵੇਂ ਮੁਲਜ਼ਮ ਉਤਰ ਪ੍ਰਦੇਸ਼ ਦੇ ਬਨਾਰਸ ਵਾਸੀ ਧੀਰਜ ਤੋਂ ਅਫ਼ੀਮ ਲਿਆਏ ਸਨ। ਉਨ੍ਹਾਂ ਇੱਕ ਲੱਖ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅਫ਼ੀਮ ਖਰੀਦੀ ਸੀ ਤੇ 2 ਲੱਖ ਰੁਪਏ ਦੇ ਭਾਅ ’ਤੇ ਅੱਗੇ ਵੇਚਣੀ ਸੀ। ਪੁਲੀਸ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰਕੇ ਧੀਰਜ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।