ਵਰਧਮਾਨ ਗਰੁੱਪ ਦੇ ਚੇਅਰਮੈਨ ਕੋਲੋਂ ਸੱਤ ਕਰੋੜ ਠੱਗਣ ਵਾਲੇ ਦੋ ਕਾਬੂ
ਗੁਰਿੰਦਰ ਸਿੰਘ
ਲੁਧਿਆਣਾ, 29 ਸਤੰਬਰ
ਇੱਥੋਂ ਦੀ ਪੁਲੀਸ ਵੱਲੋਂ ਸਾਈਬਰ ਠੱਗੀ ਮਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਵੱਲੋਂ ਪੰਜਾਬ ਦੇ ਉੱਘੇ ਕਾਰੋਬਾਰੀ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸਪੀ ਓਸਵਾਲ ਨੂੰ ਗ੍ਰਿਫ਼ਤਾਰੀ ਦਾ ਡਰਾਵਾ ਦੇ ਕੇ 7 ਕਰੋੜ ਰੁਪਏ ਠੱਗੇ ਗਏ ਸਨ। ਵਧੀਕ ਡਿਪਟੀ ਪੁਲੀਸ ਕਮਿਸ਼ਨਰ ਗੁਰਮੀਤ ਕੌਰ ਅਤੇ ਸਹਾਇਕ ਪੁਲੀਸ ਕਮਿਸ਼ਨਰ ਜਸਵੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਾਈਬਰ ਕਰਾਈਮ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਅੰਤਰਰਾਜੀ ਗਰੋਹ ਦਾ 48 ਘੰਟਿਆਂ ਵਿੱਚ ਪਤਾ ਲਾ ਕੇ ਦੋ ਮੁਲਜ਼ਮਾਂ ਨੂੰ ਗੁਹਾਟੀ (ਅਸਾਮ) ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਗਰੋਹ ਦੇ ਸੱਤ ਹੋਰ ਮੈਂਬਰਾਂ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਹਾਸਲ ਕਰਕੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਠੱਗਾਂ ਨੇ ਐਸਪੀ ਓਸਵਾਲ ਨੂੰ ਸੀਬੀਆਈ ਦਾ ਫਰਜ਼ੀ ਅਧਿਕਾਰੀ ਬਣ ਕੇ ਸੁਪਰੀਮ ਕੋਰਟ ਦੇ ਅਰੈਸਟ ਵਾਰੰਟ ਦਿਖਾਏ ਅਤੇ ਡਿਜੀਟਲ ਅਰੈਸਟ ਕਰਨ ਦਾ ਡਰਾਵਾ ਦੇ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਸੱਤ ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ। ਸ੍ਰੀ ਓਸਵਾਲ ਵੱਲੋਂ ਠੱਗਾਂ ਨੂੰ ਰਕਮ ਦੇਣ ਤੋਂ ਬਾਅਦ ਜਦੋਂ ਸ਼ੱਕ ਪਿਆ ਤਾਂ ਉਨ੍ਹਾਂ ਸਾਰਾ ਮਾਮਲਾ ਪੁਲੀਸ ਦੇ ਧਿਆਨ ’ਚ ਲਿਆਂਦਾ।
ਮੁਲਜ਼ਮ ਗੁਹਾਟੀ ਤੋਂ ਕਾਬੂ; ਸਵਾ ਪੰਜ ਕਰੋੜ ਰੁਪਏ ਬਰਾਮਦ
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਦੋ ਜਣਿਆਂ ਨੂੰ ਗੁਹਾਟੀ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 5 ਕਰੋੜ 25 ਲੱਖ ਰੁਪਏ ਬਰਾਮਦ ਕੀਤੇ ਹਨ ਜੋ ਉਨ੍ਹਾਂ ਦੇ ਵੱਖ ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਸਨ। ਪੁਲੀਸ ਅਧਿਕਾਰੀ ਅਨੁਸਾਰ ਅਤਨੂ ਚੌਧਰੀ ਵਾਸੀ ਗੁਹਾਟੀ, ਅਤੇ ਆਨੰਦ ਕੁਮਾਰ ਚੌਧਰੀ ਵਾਸੀ ਗੁਹਾਟੀ (ਅਸਾਮ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਿੰਮੀ ਭੱਟਾਚਾਰੀਆ, ਅਲੋਕ ਰੰਗੀ, ਗੁਲਾਮ ਮੋਰਤਜ਼ਾ, ਸੰਜੇ ਸੂਤਰਧਰ, ਰਿੰਟੂ, ਰੂਮੀ ਕਲਿਤਾ ਅਤੇ ਜ਼ਾਕਿਰ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਸੁਪਰੀਮ ਕੋਰਟ ਦੇ ਜਾਅਲੀ ਸੰਮਨ ਭੇਜੇ
ਸਾਈਬਰ ਠੱਗਾਂ ਨੇ ਫਰਜ਼ੀ ਤਿਆਰ ਕੀਤੇ ਸੁਪਰੀਮ ਕੋਰਟ ਦੇ ਗ੍ਰਿਫ਼ਤਾਰੀ ਵਾਰੰਟ ਵੀ ਸ੍ਰੀ ਓਸਵਾਲ ਨੂੰ ਭੇਜੇ। ਉਨ੍ਹਾਂ ਉਸ ਨੂੰ ਤਲਬ ਕਰਨ ਲਈ ਜਾਅਲੀ ਸੰਮਨ ਵੀ ਭੇਜੇ ਜਿਸ ਤੋਂ ਬਾਅਦ ਉਹ ਧੋਖੇਬਾਜ਼ਾਂ ਦੇ ਜਾਲ ਵਿੱਚ ਫਸ ਗਏ। ਠੱਗਾਂ ਨੇ ਉਨ੍ਹਾਂ ਨੂੰ ਬਦਨਾਮੀ ਤੋਂ ਬਚਣ ਦਾ ਝਾਂਸਾ ਦੇ ਕੇ ਤੇ ਕੇਸ ਖ਼ਤਮ ਕਰਨ ਲਈ ਕਰੋੜਾਂ ਰੁਪਏ ਮੰਗੇ ਜੋ ਸ੍ਰੀ ਓਸਵਾਲ ਵੱਲੋਂ ਭੇਜ ਦਿੱਤੇ ਗਏ।