ਮੱਝਾਂ ਤੇ ਗਾਵਾਂ ਦੀ ਢੋਆ-ਢੁਆਈ ਕਰਨ ਵਾਲੇ ਦੋ ਕਾਬੂ
ਪੱਤਰ ਪ੍ਰੇਰਕ
ਪਠਾਨਕੋਟ, 19 ਨਵੰਬਰ
ਪਠਾਨਕੋਟ ਪੁਲੀਸ ਨੇ ਪਿਛਲੇ 24 ਘੰਟਿਆਂ ਵਿੱਚ ਵੱਖ-ਵੱਖ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲੀਸ ਨੇ ਬੇਰਹਿਮੀ ਨਾਲ ਮੱਝਾਂ ਅਤੇ ਗਾਵਾਂ ਦੀ ਢੋਆ-ਢੁਆਈ ਕਰਨ ਵਾਲੇ ਇੱਕ ਵਾਹਨ ਨੂੰ ਕਾਬੂ ਕੀਤਾ। ਇਸ ਵਿੱਚ ਨਰੜ ਕੇ ਲਿਜਾਈਆਂ ਜਾ ਰਹੀਆਂ ਮੱਝਾਂ ਤੇ ਗਾਵਾਂ ਨੂੰ ਛੁਡਵਾਇਆ ਗਿਆ ਹੈ। ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਬਲਵੀਰ ਰਾਮ ਪੁੱਤਰ ਰਮੇਸ਼ ਚੰਦ ਅਤੇ ਲਖਬੀਰ ਪੁੱਤਰ ਵਿਕਟਰ ਖ਼ਿਲਾਫ਼ ਪਸ਼ੂ ਬੇਰਹਿਮੀ ਐਕਟ 1960 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੁਲੀਸ ਨੇ ਅੱਧੀ ਰਾਤ ਦੇ ਸਟਿੰਗ ਦੌਰਾਨ ਇੱਕ ਹੈਰੋਇਨ ਤਸਕਰ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਸੁਜਲ ਪੁੱਤਰ ਬੰਟੀ ਵਜੋਂ ਹੋਈ ਹੈ। ਇਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਇੱਕ ਵੱਖਰੇ ਮਾਮਲੇ ਵਿੱਚ ਜੁਗਲ ਕਿਸ਼ੋਰ ਸੈਣੀ ਪੁੱਤਰ ਕੁਮਜ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਸ਼ਿਕਾਇਤਕਰਤਾ ਵਿਆਹੁਤਾ ਨੇ ਘੱਟ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਇਸ ’ਤੇ ਆਈਪੀਸੀ ਦੀਆਂ ਧਾਰਾ 498-ਏ ਅਤੇ 406 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।