ਖਾਲਿਸਤਾਨੀ ਨਾਅਰੇ ਲਿਖਣ ਤੇ ਝੰਡਾ ਲਾੳੁਣ ਦੇ ਦੋਸ਼ ਹੇਠ ਦੋ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਮੋਗਾ ਪੁਲੀਸ ਨੇ ਸਥਾਨਕ ਬੱਸ ਅੱਡੇ ’ਤੇ ਖਾਲਿਸਤਾਨੀ ਨਾਅਰੇ ਲਿਖਣ ਅਤੇ ਝੰਡਾ ਝੁਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਮਹਾਰਾਸ਼ਟਰ ਦੇ ਨਾਂਦੇਡ਼ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਮੋਗਾ ਸਥਿਤ ਯੂਐੱਸਏ ਅਾਧਾਰਿਤ ਇੱਕ ਟਰਾਂਸਪੋਰਟ ਕੰਪਨੀ ਵਿੱਚ ਮੁਲਾਜ਼ਮ ਹਨ।
ਜ਼ਿਲ੍ਹਾ ਪੁਲੀਸ ਮੁਖੀ ਜੇ ਏਲਚੇਜ਼ੀਅਨ ਨੇ ਅੱਜ ਇਥੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪਾਬੰਦੀਸ਼ੁਦਾ ਸੰਸਥਾ ‘ਸਿੱਖਸ ਫਾਰ ਜਸਟਿਸ’ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਨੌਜਵਾਨਾਂ ਨੂੰ ਲਾਲਚ ਦੇ ਕੇ ਗੁਮਰਾਹ ਕਰ ਰਿਹਾ ਹੈ। ਐੱਸਐੱਸਪੀ ਨੇ ਦੱਸਿਅਾ ਕਿ ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ ਪਿੰਡ ਚੂਹਡ਼ਚੱਕ (ਬੀਟੈੱਕ ਡਿਗਰੀ ਹੋਲਡਰ) ਅਤੇ ਪ੍ਰਿਤਪਾਲ ਸਿੰਘ ਪਿੰਡ ਘੋਲੀਆ ਖੁਰਦ (ਡਿਪਲੋਮਾ ਹੋਲਡਰ) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਇਥੇ ਯੂਐੱਸਏ ਅਾਧਾਰਿਤ ਇੱਕ ਟਰਾਂਸਪੋਰਟ ਕੰਪਨੀ ਵਿੱਚ ਮੁਲਾਜ਼ਮ ਹਨ, ਜੋ ਪਿਛਲੇ ਸਮੇਂ ਦੌਰਾਨ ਐੱਸਐੱਫਜੇ ਮੁਖੀ ਦੇ ਸੰਪਰਕ ਵਿੱਚ ਆਏ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪਹਿਲੀ ਤੇ ਦੋ 2 ਜੂਨ ਦੀ ਦਰਮਿਆਨੀ ਰਾਤ ਨੂੰ ਵਾਰਦਾਤ ਕਰਨ ਮਗਰੋਂ ਨਾਂਦੇਡ਼ ਸਾਹਿਬ ਚਲੇ ਗਏ ਸਨ। ਮੁਲਜ਼ਮਾਂ ਨੂੰ ਇਸ ਕੰਮ ਬਦਲੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਰਾਹੀਂ 80 ਹਜ਼ਾਰ ਰੁਪਏ ਵੀ ਪ੍ਰਾਪਤ ਹੋਏ ਸਨ। ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਗੁਰਪਤਵੰਤ ਪੰਨੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੀ ਸ਼ਮੂਲੀਅਤ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।