ਇਮੀਗ੍ਰੇਸ਼ਨ ਦਫ਼ਤਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 30 ਸਤੰਬਰ
ਇੱਥੇ ਫਿਰੌਤੀ ਦੀ ਮੰਗ ਲਈ ਇਮੀਗ੍ਰੇਸ਼ਨ ਦਫ਼ਤਰ ਵਿੱਚ 19 ਸਤੰਬਰ ਨੂੰ ਹੋਈ ਗੋਲੀਬਾਰੀ ਦੇ ਤਾਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਨਾਲ ਜੁੜ ਗਏ ਹਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦਾ ਗੈਂਗਸਟਰ ਮਨਜੀਤ ਸਿੰਘ ਵਾਸੀ ਖੇੜੀ ਗੁਜਰਾਂ ਸ਼ਾਮਲ ਹੈ।
ਪੁਲੀਸ ਨੇ ਦੋ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਨਿਤੀਸ਼ ਰਾਣਾ ਵਾਸੀ ਲਾਲੜੂ ਅਤੇ ਗੁਰਕੀਰਤ ਸਿੰਘ ਬੇਦੀ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਦੋ ਪਿਸਤੌਲ, ਪੰਜ ਕਾਰਤੂਸ ਅਤੇ ਕਾਰ ਬਰਾਮਦ
ਕੀਤੀ ਹੈ।
ਡੀਐੱਸਪੀ ਬਿਕਰਮਜੀਤ ਸਿੰਘ ਬਰਾੜ, ਥਾਣਾ ਮੁਖੀ ਡੇਰਾਬੱਸੀ ਮਨਦੀਪ ਸਿੰਘ ਨੇ ਦੱਸਿਆ ਕਿ ਇਮੀਗ੍ਰੇਸ਼ਨ ਦਫ਼ਤਰ ਵਿੱਚ ਗੋਲੀਬਾਰੀ ਮਾਮਲੇ ਵਿੱਚ ਪੁਲੀਸ ਨੇ ਤਿੰਨ ਜਣਿਆਂ ਨੂੰ ਵਾਰਦਾਤ ਦੇ 24 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਸੀ। ਜ਼ਮਾਨਤ ’ਤੇ ਚੱਲ ਰਹੇ ਗੈਂਗਸਟਰ ਨਿੱਕੂ ਰਾਣਾ ਵੱਲੋਂ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਗਏ ਸਨ। ਸ੍ਰੀ ਬਰਾੜ ਨੇ ਦੱਸਿਆ ਕਿ ਮੁਲਜ਼ਮ ਨਿੱਕੂ ਰਾਣਾ ਗੈਂਗਸਟਰ ਗੋਲਡੀ ਬਰਾੜ ਤੇ ਸਾਬਾ ਅਮਰੀਕਾ ਦੇ ਸੰਪਰਕ ਵਿੱਚ ਸੀ। ਇਨ੍ਹਾਂ ਵੱਲੋਂ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਜੀਤ ਸਿੰਘ ਉਰਫ਼ ਗੁਰੀ ਨਾਲ ਰਲ ਕੇ ਗੋਲੀਬਾਰੀ ਦੀ ਸਾਜ਼ਿਸ਼ ਰਚੀ ਸੀ। ਨਿੱਕੂ ਰਾਣਾ ਲੰਘੇ ਸਮੇਂ ਵਿੱਚ ਕਈ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਫਰਵਰੀ 2023 ਵਿੱਚ ਉਸ ਨੂੰ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਦਵਿੰਦਰ ਬੰਬੀਹਾ ਗਰੋਹ ਨਾਲ ਜੁੜੇ ਇੱਕ ਵਿਰੋਧੀ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।