ਮਜ਼ਦੂਰ ਦੇ ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਜਸਬੀਰ ਚਾਨਾ
ਫਗਵਾੜਾ, 13 ਅਕਤੂਬਰ
ਪਿੰਡ ਖਜੂਰਲਾ ਵਿੱਚ ਕਿਰਾਏ ’ਤੇ ਰਹਿ ਰਹੇ ਇੱਕ ਪਰਵਾਸੀ ਮਜ਼ਦੂਰ ਦੇ ਕਤਲ ਮਾਮਲੇ ਦੀ ਗੁੱਥਲੀ ਪੁਲੀਸ ਨੇ ਸੁਲਝਾ ਲਈ ਹੈ ਅਤੇ ਇਸ ਸਬੰਧ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਵਤਸਲਾ ਗੁਪਤਾ ਅਤੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ 5 ਅਕਤੂਬਰ ਨੂੰ ਹਰਿੰਦਰ ਕੁਮਾਰ ਨਾਮੀ ਵਿਅਕਤੀ ਦੇ ਬਿਆਨਾਂ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ ਕਿ ਉਸ ਦੇ ਮਕਾਨ ਵਿੱਚ ਕਿਰਾਏ ’ਤੇ ਰਹਿੰਦੇ ਕਮਰੇ ਵਿੱਚ ਬਦਬੂ ਆ ਰਹੀ ਹੈ ਜਦੋਂ ਦੇਖਿਆ ਗਿਆ ਤਾਂ ਅਭਿਮੰਨਿਊ ਸਿੰਘ ਪੁੱਤਰ ਸ਼ਿਵਸਹਾਇ ਸਿੰਘ ਵਾਸੀ ਦਿੱਲੀ ਦਾ ਕਤਲ ਹੋਇਆ ਪਿਆ ਸੀ। ਇਸ ਸਬੰਧ ਵਿੱਚ ਪੁਲੀਸ ਨੇ ਆਪਣੀ ਜਾਂਚ ਆਰੰਭੀ ਅਤੇ 2 ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੇ ਮੰਨਿਆ ਕਿ ਉਕਤ ਵਿਅਕਤੀ ਹਵੇਲੀ ਵਿੱਚ ਠੇਕੇਦਾਰੀ ਕਰਦਾ ਸੀ, ਜਿਸ ਦੀ ਜਗ੍ਹਾ ’ਤੇ ਮੁਹੰਮਦ ਮੁੰਨਾ ਹਵੇਲੀ ਵਿੱਚ ਠੇਕੇਦਾਰ ਲੱਗਣਾ ਚਾਹੁੰਦਾ ਸੀ। ਉਸ ਨੇ ਆਪਣੇ ਸਾਥੀ ਨਾਲ ਰਲ ਕੇ ਅਭਿਮੰਨਿਊ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਕਤਲ ਕਰਕੇ ਕਮਰੇ ਨੂੰ ਤਾਲਾ ਲਗਾ ਦਿੱਤਾ। ਇਸ ਸਬੰਧ ਵਿੱਚ ਪੁਲੀਸ ਨੇ ਜਿਨ੍ਹਾਂ 2 ਵਿਅਕਤੀਆਂ ਖਿਲਾਫ ਦਰਜ ਕੀਤਾ ਉਨ੍ਹਾਂ ’ਚੋਂ ਮੁਹੰਮਦ ਮੁੰਨਾ ਵਾਸੀ ਨਵੀਂ ਦਿੱਲੀ ਤੇ ਮੁਹੰਮਦ ਫਿਰੋਜ ਉਰਫ ਅਜੈ ਕੁਮਾਰ ਵਾਸੀ ਕਾਪਾਸੇੜਾ ਬਾਰਡਰ ਨਵੀ ਦਿੱਲੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਕਾਂਡ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।