For the best experience, open
https://m.punjabitribuneonline.com
on your mobile browser.
Advertisement

ਕਰੋੜਾਂ ਦੀ ਠੱਗੀ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ

07:29 AM Apr 24, 2024 IST
ਕਰੋੜਾਂ ਦੀ ਠੱਗੀ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਅਪਰੈਲ
ਵਿਜ਼ਨ ਮਾਰਕੀਟ ਦੇ ਨਾਂ ’ਤੇ ‘ਚਿੱਟ ਫੰਡ ਕੰਪਨੀ’ ਬਣਾ ਕੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਯੂ.ਪੀ ਦੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ ਮੁੱਖ ਮੁਲਜ਼ਮ ਸਮੇਤ ਦੋ ਵਿਅਕਤੀਆਂ ਨੂੰ ਸਿਰਸਾ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਭਾਸ਼ ਪੁੱਤਰ ਹੰਸਰਾਜ ਵਾਸੀ ਗੁੜੀਆ ਖੇੜਾ ਜ਼ਿਲ੍ਹਾ ਸਿਰਸਾ ਲਾਭ ਸਿੰਘ ਉਰਫ਼ ਲਵਲੀ ਵਾਸੀ ਸਮਾਣਾ, ਪੰਜਾਬ ਵਜੋਂ ਕੀਤੀ ਗਈ ਹੈ। ਐਸ.ਪੀ. ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਇਸ ਸਬੰਧੀ ਲਖਬੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੁਤਲੀ ਡਾਬਰ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਵਿਖੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਸਾਲ 2021 ਵਿੱਚ ਵਿਜ਼ਨ ਮਾਰਕੀਟ ਦੇ ਨਾਂ ’ਤੇ ਚਿੱਟ ਫੰਡ ਕੰਪਨੀ ਬਣਾ ਕੇ ਸਿਰਸਾ ਸ਼ਹਿਰ ਵਿੱਚ ਦਫ਼ਤਰ ਬਣਾ ਕੇ ਲੋਕਾਂ ਨੂੰ ਠੱਗਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਇਸ ਸਮੇਂ ਦੌਰਾਨ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਯੂ.ਪੀ ਦੇ ਲਗਪਗ 1500 ਲੋਕਾਂ ਨਾਲ 24/25 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਸੁਭਾਸ਼ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ, ਜਦੋਂਕਿ ਗ੍ਰਿਫ਼ਤਾਰ ਕੀਤੇ ਗਏ ਦੂਜੇ ਮੁਲਜ਼ਮ ਲਾਭ ਸਿੰਘ ਨੂੰ ਵੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੋਕਾਂ ਨੂੰ ਮੋਟਾ ਮੁਨਾਫ਼ਾ ਦਿਵਾਉਣ ਦਾ ਵਾਅਦਾ ਕਰਕੇ ਕੰਪਨੀ ਵਿੱਚ ਪੈਸੇ ਲਾਉਣ ਲਈ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਅਤੇ ਜਾਂਚ ਦੌਰਾਨ ਜੋ ਵੀ ਇਸ ਮਾਮਲੇ ਵਿੱਚ ਸ਼ਾਮਿਲ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×