ਵਾਹਨ ਚੋਰੀ ਮਾਮਲੇ ’ਚ ਦੋ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਜਨਵਰੀ
ਸਿਵਲ ਲਾਈਨ ਦੀ ਪੁਲੀਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਕੇ ਚੋਰੀ ਕੀਤੇ ਹੋਏ ਛੇ ਮੋਟਰਸਾਈਕਲ ਅਤੇ ਚਾਰ ਸਕੂਟਰ ਬਰਾਮਦ ਕੀਤੇ ਹਨ।
ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਜ਼ਿਲ੍ਹਾ ਤਰਨ ਤਾਰਨ ਅਤੇ ਗੁਰਿੰਦਰ ਸਿੰਘ ਵਾਸੀ ਥਾਣਾ ਘਰਿੰਡਾ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ ਛੇ ਮੋਟਰਸਾਈਕਲ ਅਤੇ ਚਾਰ ਸਕੂਟਰ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲੀਸ ਦੇ ਏਸੀਪੀ ਅਰਵਿੰਦ ਮੀਨਾ ਨੇ ਦੱਸਿਆ ਕਿ ਸਿਵਲ ਲਾਈਨ ਦੀ ਪੁਲੀਸ ਪਾਰਟੀ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ ਮੁੱਖ ਸਰਗਣੇ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗ੍ਰੀਨ ਐਵੀਨਿਊ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੋਰੀ ਦੇ ਇੱਕ ਬਿਨਾਂ ਨੰਬਰ ਵਾਲੇ ਸਕੂਟਰ ਸਮੇਤ ਕਾਬੂ ਕੀਤਾ ਜਿਸ ਕੋਲੋਂ ਪੁੱਛ ਪੜਤਾਲ ਬਾਅਦ ਉਸਦੇ ਦੂਜੇ ਸਾਥੀ ਗੁਰਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਚੋਰੀ ਕੀਤੇ ਹੋਏ ਛੇ ਮੋਟਰਸਾਈਕਲ ਅਤੇ ਚਾਰ ਸਕੂਟਰ ਬਰਾਮਦ ਹੋਏ ਹਨ। ਹੁਣ ਤੱਕ ਇਨ੍ਹਾਂ ਕੋਲੋਂ ਦਸ ਵਹੀਕਲ ਬਰਾਮਦ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਪਹਿਲਾਂ ਹੋਰ ਵੀ ਕਈ ਕੇਸ ਦਰਜ ਹਨ।