ਠੇਕਾ ਲੁੱਟਣ ਦੇ ਮਾਮਲੇ ਵਿੱਚ ਦੋ ਕਾਬੂ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 28 ਅਗਸਤ
ਪੁਲੀਸ ਨੇ ਲੰਘੇ ਦਿਨੀ ਬਲਟਾਣਾ ਦੇ ਹਰਮਿਲਾਪ ਨਗਰ ਵਿੱਚ ਗੋਲੀ ਚਲਾ ਕੇ ਕਰਿੰਦੇ ਨੂੰ ਜ਼ਖ਼ਮੀ ਕਰ ਕੇ ਸ਼ਰਾਬ ਦਾ ਠੇਕਾ ਲੁੱਟਣ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜੀਵ ਕੁਮਾਰ ਉਰਫ਼ ਬਕਰੀ ਤੇ ਮੁਕੇਸ਼ ਕੁਮਾਰ ਉਰਫ਼ ਗੁਰੀਲਾ ਹਾਲ ਵਾਸੀ ਅਭੈਪੁਰ ਪੰਚਕੂਲਾ ਦੇ ਰੂਪ ਵਿੱਚ ਹੋਈ ਹੈ।
ਬਲਟਾਣਾ ਚੌਕੀ ਇੰਚਾਰਜ ਅਜੈ ਕੁਮਾਰ ਨੇ ਦੱਸਿਆ ਕਿ ਲੰਘੀ 17 ਅਗਸਤ ਦੀ ਰਾਤ ਨੂੰ ਕੁਝ ਹਥਿਆਰਬੰਦ ਹਰਮਿਲਾਪ ਨਗਰ ਦੇ ਸ਼ਰਾਬ ਦੇ ਠੇਕੇ ਵਿੱਚ ਵੜ ਕੇ ਕਰਿੰਦੇ ਨੂੰ ਚਾਕੂ ਤੇ ਗੋਲੀ ਮਾਰ ਕੇ ਜ਼ਖ਼ਮੀ ਕਰਨ ਮਗਰੋਂ ਨਗਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਜ਼ਖ਼ਮੀ ਕਰਿੰਦੇ ਦੇ ਬਿਆਨ ’ਤੇ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਲੁੱਟ ਖੋਹ ਦਾ ਕੇਸ ਦਰਜ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਛੇ ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ। ਇਨ੍ਹਾਂ ਵਿੱਚੋਂ ਕਾਬੂ ਕੀਤੇ ਰਾਜੀਵ ਕੁਮਾਰ ਨੇ ਗੋਲੀ ਚਲਾਈ ਸੀ। ਉਨ੍ਹਾਂ ਨੇ ਕਿਹਾ ਕਿ ਸਾਰੇ ਮੁਲਜ਼ਮ 19 ਤੋਂ 22 ਸਾਲ ਦੇ ਵਿਚਕਾਰ ਉਮਰ ਦੇ ਹਨ। ਇਹ ਵਿਆਹਾਂ ਵਿੱਚ ਵੇਟਰ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਇਨ੍ਹਾਂ ਵਿੱਚੋਂ ਦੋ ਜਣੇ ਫੜੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਤੋਂ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ।