ਢਾਈ ਲੱਖ ਦੀ ਲੁੱਟ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਆਰ.ਕੇ ਮਿੱਤਲ
ਗੂਹਲਾ ਚੀਕਾ, 7 ਅਗਸਤ
ਇੱਥੇ ਢਾਈ ਲੱਖ ਰੁਪਏ ਦੀ ਲੁੱਟ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਨਾਲ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਚੀਕਾ ਥਾਣੇ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੈਥਲ ਦੀ ਇਕ ਫਰਮ ਦਾ ਸੇਲਜ਼ਮੈਨ ਰੋਜ਼ਾਨਾ ਦੀ ਤਰ੍ਹਾਂ ਉਗਰਾਹੀ ਕਰਨ ਚੀਕਾ ਆਇਆ ਸੀ ਅਤੇ ਜਿਵੇਂ ਹੀ ਉਹ ਉਗਰਾਹੀ ਕਰਦਾ ਹੋਇਆ ਇੱਥੇ ਦੇ ਸ਼ਹੀਦ ਉਧਮ ਸਿੰਘ ਚੌਕ ’ਤੇ ਪਹੁੰਚਿਆ ਤਾਂ ਅਣਪਛਾਤੇ ਲੁਟੇਰੇ ਆਏ ਤੇ ਸੇਲਜ਼ਮੈਨ ਦੇ ਹੱਥ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਪੁਲੀਸ ਨੇ ਕਈ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਦੇਰ ਵਿੱਚ ਪੁਲੀਸ ਨੂੰ ਲੁਟੇਰਿਆਂ ਦਾ ਸੁਰਾਗ ਮਿਲਣ ਲੱਗਾ ਅਤੇ ਜਦੋਂ ਕੜੀਆਂ ਜੋੜੀ ਗਈ ਤਾਂ 24 ਘੰਟੇ ਦੇ ਅੰਦਰ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਜਾਂਚ ਦੌਰਾਨ ਪਹਿਲਾਂ ਮੋਟਰਸਾਈਕਲ ਦਾ ਪਤਾ ਲਾਇਆ ਤੇ ਬਾਅਦ ਵਿੱਚ ਮੋਟਰਸਾਈਕਲ ਰਾਹੀਂ ਲੁਟੇਰਿਆਂ ਤੱਕ ਪੁਲੀਸ ਪੁੱਜ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਦੀਪ ਅਤੇ ਪ੍ਰਕਾਸ਼ ਉਰਫ ਪ੍ਰਕਾਸ਼ੀ ਵਾਸੀਆਨ ਚੀਕਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲੀਸ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ’ਤੇ ਦੋਵਾਂ ਦਾ ਇਕ ਰੋਜ਼ਾ ਪੁਲੀਸ ਰਿਮਾਂਡ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਪੁਲੀਸ ਲੁੱਟ ਦੀ ਰਾਸ਼ੀ ਬਰਾਮਦ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ ਤੇ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।