ਮਹੰਤ ਹੱਤਿਆ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 15 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਮਹੰਤ ਅਲੀਸ਼ਾ ਉਰਫ਼ ਰੋਹਿਤ ਦੇ ਕਤਲ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗਗਨ ਅਰੋੜਾ ਅਤੇ ਲਖਨ ਕੇਸਰ ਦੋਵੇਂ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲੀਸ ਅਨੁਸਾਰ ਕਤਲ ਦੇ ਪਿੱਛੇ ਦਾ ਉਦੇਸ਼ ਇਲਾਕੇ ਦੀ ਵੰਡ ਨੂੰ ਲੈ ਕੇ ਦੋ ਕਿੰਨਰ ਧਿਰਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਵਿਰੋਧੀ ਧੜਿਆਂ ਨੂੰ ਪੀੜਤ ਅਤੇ ਉਸ ਦੇ ਗਰੁੱਪ ਦੇ ਮੈਂਬਰਾਂ ਦੀਆਂ ਉਨ੍ਹਾਂ ਦੇ ਇਲਾਕੇ ਵਿਚ ਗਤੀਵਿਧੀਆਂ ਨੂੰ ਲੈ ਕੇ ਵਿਵਾਦ ਸੀ ਅਤੇ ਉਨ੍ਹਾਂ ਨੇ 31 ਅਕਤੂਬਰ ਨੂੰ ਰੋਹਿਤ ’ਤੇ ਹਮਲਾ ਕਰਕੇ ਉਸ ਦੇ ਆਸ-ਪਾਸ ਗੋਲੀਬਾਰੀ ਵੀ ਕੀਤੀ ਸੀ, ਜਿਸ ਤੋਂ ਬਾਅਦ 10 ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ 13 ਨਵੰਬਰ ਨੂੰ ਰੋਹਿਤ ’ਤੇ ਉਸ ਸਮੇਂ ਦੁਬਾਰਾ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਉਨ੍ਹਾਂ ਨੇ ਉਸ ’ਤੇ ਗੋਲੀਆਂ ਚਲਾਈਆਂ ਅਤੇ ਦੋ ਗੋਲੀਆਂ ਉਸ ਨੂੰ ਲੱਗੀਆਂ, ਇਕ ਉਸ ਦੀ ਪਿੱਠ ’ਤੇ ਅਤੇ ਦੂਜੀ ਉਸ ਦੇ ਸਿਰ ਦੇ ਬਿਲਕੁਲ ਹੇਠਾਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਅਸਲਾ ਐਕਟ, ਜੂਆ ਖੇਡਣ ਅਤੇ ਆਈਪੀਸੀ ਤਹਿਤ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਖਨ ਕੇਸਰ ਖਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ, ਜਦਕਿ ਰੋਹਿਤ ਦੀ ਮਾਂ ਨੀਰੂ ਖਿਲਾਫ਼ ਛੇ ਐਫਆਈਆਰ ਅਤੇ ਉਸ ਦੀ ਮਾਸੀ ਰੁਕਮਣੀ ਖਿਲਾਫ਼ 15 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਐਫਆਈਆਰ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਲਾਪ੍ਰਵਾਹੀ ਵਰਤਣ ’ਤੇ ਦਕੋਹਾ ਚੌਕੀ ਦਾ ਇੰਚਾਰਜ ਲਾਈਨ ਹਾਜ਼ਰ
ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਕੇਸ ’ਚ ਅਣਗਹਿਲੀ ਵਰਤਣ ਵਾਲੇ ਦਕੋਹਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਦਨ ਸਿੰਘ ਨੂੰ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ।