ਗੁਮਟਾਲਾ ਪੁਲੀਸ ਚੌਕੀ ’ਤੇ ਹਮਲੇ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਜਨਵਰੀ
ਪੰਜਾਬ ਪੁਲੀਸ ਦੇ ਸਟੇਟ ਸਪੈ਼ਸ਼ਲ ਅਪਰੇਸ਼ਨ ਸੈੱਲ (ਐੱਸਐੱਸਓਸੀ) ਅੰਮ੍ਰਿਤਸਰ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲਾਂ ਸਣੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਮਰੀਕਾ ਵਿਚਲੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ ਅਤੇ ਨਸ਼ਾ ਤਸਕਰ ਸਰਵਣ ਭੋਲਾ ਵੱਲੋਂ ਚਲਾਏ ਜਾ ਰਹੇ ਨਸ਼ੀਲੇ ਅਤਿਵਾਦ ਮਾਡਿਊਲ ਦੇ ਮੈਂਬਰ ਹਨ। ਇਹ ਅੰਮ੍ਰਿਤਸਰ ਦੀ ਗੁਮਟਾਲਾ ਪੁਲੀਸ ਚੌਕੀ ’ਤੇ ਹੈਂਡ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇਸ ਦਾ ਪਰਦਾਫਾਸ਼ ਹੋਇਆ ਹੈ। ਮਲਜ਼ਮਾਂ ਦੀ ਪਛਾਣ ਬੱਗਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸਿਰਸਾ, ਹਰਿਆਣਾ ਅਤੇ ਪੁਸ਼ਕਰਨ ਸਿੰਘ ਉਰਫ਼ ਸਾਗਰ ਵਾਸੀ ਅਮਰਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। 9 ਜਨਵਰੀ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਸ਼ਾਮਲ ਗੁਮਟਾਲਾ ਪੁਲੀਸ ਚੌਕੀ ’ਤੇ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਇਸ ਘਟਨਾ ਦੀ ਅਤਿਵਾਦੀ ਸੰਗਠਨ ਬੀਕੇਆਈ ਨੇ ਜ਼ਿੰਮੇਵਾਰੀ ਲਈ ਸੀ। ਉਸ ਵੇਲੇ ਪੁਲੀਸ ਦੇ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਕਾਰ ਏਐੱਸਆਈ ਤਜਿੰਦਰ ਸਿੰਘ ਦੀ ਸੀ, ਜੋ ਚੌਕੀ ਦੇ ਬਾਹਰ ਖੜ੍ਹੀ ਸੀ, ਜਿਸ ਦੇ ਹੇਠਾਂ ਧਮਾਕਾ ਹੋਇਆ ਪਰ ਜਦੋਂ ਜਾਂਚ ਕੀਤੀ ਤਾਂ ਇਹ ਰੇਡੀਏਟਰ ਦੇ ਫਟਣ ਕਾਰਨ ਹੋਇਆ ਧਮਾਕਾ ਸੀ। ਹੁਣ ਪੁਲੀਸ ਨੇ ਆਪਣੇ ਇਸ ਦਾਅਵੇ ਨੂੰ ਬਦਲ ਦਿਤਾ ਹੈ।
ਡੀਜੀਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਕਿ ਬੱਗਾ ਸਿੰਘ, ਸਰਵਣ ਭੋਲਾ ਦਾ ਰਿਸ਼ਤੇਦਾਰ ਹੈ, ਜੋ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ ਅਤੇ ਇਸ ਸਮੇਂ 532 ਕਿਲੋ ਹੈਰੋਇਨ ਕੇਸ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ।