ਅਧਿਆਪਕਾ ਦੇ ਘਰ ’ਚ ਲੁੱਟ ਸਬੰਧੀ ਦੋ ਗ੍ਰਿਫ਼ਤਾਰ
ਪੰਕਜ ਕੁਮਾਰ
ਅਬੋਹਰ, 3 ਫਰਵਰੀ
ਇੱਥੋਂ ਦੀ ਜੈਨ ਨਗਰੀ ਵਿੱਚ ਕਾਲਜ ਅਧਿਆਪਕਾ ਦੇ ਘਰ ਲੁੱਟ ਦਾ ਮਾਮਲਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਦੋ ਮੁਲਜ਼ਮਾਂ ਅਸ਼ਵਨੀ ਕੁਮਾਰ ਉਰਫ਼ ਬਿੱਟੂ ਵਾਸੀ ਪੰਜਪੀਰ ਨਗਰ ਤੇ ਉਸ ਦੇ ਸਾਥੀ ਜਸਮਿੰਦਰਪਾਲ ਸਿੰਘ ਵਾਸੀ ਪੰਜਪੀਰ ਨਗਰ, ਅਬੋਹਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਅਸ਼ਵਨੀ ਕੁਮਾਰ ਅਧਿਆਪਕ ਦਾ ਰਿਸ਼ਤੇਦਾਰ ਹੀ ਹੈ। ਪੁਲੀਸ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਇਹ ਘਟਨਾ 31 ਜਨਵਰੀ ਨੂੰ ਉਸ ਸਮੇਂ ਵਾਪਰੀ ਜਦੋਂ ਭਾਗ ਸਿੰਘ ਖਾਲਸਾ ਕਾਲਜ ਦੀ ਅਧਿਆਪਕਾ ਜੋਤੀ ਚੁੱਘ ਬਾਅਦ ਦੁਪਹਿਰ 3.30 ਵਜੇ ਜੈਨ ਨਗਰੀ ਸਥਿਤ ਆਪਣੇ ਘਰ ਪਹੁੰਚੀ। ਇਸ ਦੌਰਾਨ ਦੋ ਨੌਜਵਾਨ ਜ਼ਬਰਦਸਤੀ ਉਸ ਦੇ ਘਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਪੀੜਤਾ ਨੂੰ ਚਾਕੂ ਦਿਖਾ ਕੇ ਧਮਕਾਇਆ ਤੇ ਬੇਹੋਸ਼ ਕਰਨ ਵਾਲੀ ਦਵਾਈ ਸੁੰਘਾ ਕੇ ਘਰ ਵਿੱਚ ਰੱਖੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲਏ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸਿਟੀ-1 ਮੁਖੀ ਮਨਿੰਦਰ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਲੁੱਟ ਦਾ ਮਾਸਟਰਮਾਈਂਡ ਪੀੜਤਾ ਦੇ ਪਤੀ ਦੇ ਚਾਚੇ ਦਾ ਲੜਕਾ ਹੀ ਹੈ। ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ 55,000 ਰੁਪਏ ਅਤੇ ਸੋਨੇ ਦੀਆਂ ਵਾਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਸ਼ਵਨੀ ਕੁਮਾਰ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।