ਆਈਐੱਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ਾਂ ਹੇਠ ਗੁਰਦਾਸਪੁਰ ਤੋਂ ਦੋ ਗ੍ਰਿਫ਼ਤਾਰ
ਚੰਡੀਗੜ੍ਹ, 19 ਮਈ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸੰਵੇਦਨਸ਼ੀਲ ਫੌਜੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ, ‘‘ਇਕ ਜਾਸੂਸ-ਵਿਰੋਧੀ ਕਾਰਵਾਈ ਵਿਚ ਗੁਰਦਾਸਪੁਰ ਪੁਲੀਸ ਨੇ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।’’
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘15 ਮਈ 2025 ਨੂੰ ਭਰੋਸੇਯੋਗ ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਕਿ ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ Operation Sindoor ਨਾਲ ਸਬੰਧਤ ਵਰਗੀਕ੍ਰਿਤ ਵੇਰਵੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨਾਲ ਸਾਂਝੇ ਕਰਨ ਵਿਚ ਲੱਗੇ ਹੋਏ ਸਨ।’’ ਉਨ੍ਹਾਂ ਕਿਹਾ ਕਿ ਪੁਲੀਸ ਨੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਨੇ ਖੁਫੀਆ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਬਾਈਲ ਫੋਨ ਅਤੇ ਅੱਠ ਜ਼ਿੰਦਾ ਕਾਰਤੂਸ (.30 ਬੋਰ) ਵੀ ਬਰਾਮਦ ਕੀਤੇ ਹਨ। ਯਾਦਵ ਨੇ ਕਿਹਾ ਕਿ ਮੁੱਢਲੀਆਂ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਕਥਿਤ ਤੌਰ ’ਤੇ ਆਈਐੱਸਆਈ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿਚ ਸਨ ਅਤੇ ਉਨ੍ਹਾਂ ਨੇ ਭਾਰਤੀ ਹਥਿਆਰਬੰਦ ਬਲਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਗੁਰਦਾਸਪੁਰ ਦੇ ਦੋਰੰਗਲਾ ਪੁਲੀਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਇਸ ਕੇਸ ਸਬੰਧੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। -ਪੀਟੀਆਈ