ਨਕਦੀ ਵਾਲਾ ਬੈਗ ਖੋਹਣ ਵਾਲੇ ਦੋ ਕਾਬੂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਫਰਵਰੀ
ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਪਿਸਤੌਲ ਦਿਖਾ ਕੇ ਪੈਸਿਆਂ ਦਾ ਬੈਗ ਖੋਹਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 63000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ 13 ਫਰਵਰੀ ਨੂੰ ਪੁਲੀਸ ਨੇ ਕੇਸ ਦਰਜ ਕੀਤਾ ਸੀ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਰਾਹੁਲ ਸ਼ਰਮਾ ਉਰਫ ਨੈਨਸੀ ਅਤੇ ਸੰਨੀ ਮਹਿਰਾ ਉਰਫ ਸੰਨੀ ਵਜੋਂ ਹੋਈ ਹੈ। ਪੁਲੀਸ ਨੇ ਰਾਹੁਲ ਸ਼ਰਮਾ ਕੋਲੋਂ 28000 ਅਤੇ ਸੰਨੀ ਮਹਿਰਾ ਕੋਲੋਂ 35000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਡੀਸੀਪੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਇਹ ਕਾਰਵਾਈ ਸੁਰਿੰਦਰ ਕੁਮਾਰ ਉਰਫ ਬਬਲੂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗਈ ਹੈ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਉਹ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਆਦਿ ਇਲਾਕਿਆਂ ਤੋਂ ਲਗਭਗ 6 ਲੱਖ 72 ਹਜ਼ਾਰ ਰੁਪਏ ਦੀ ਨਕਦੀ ਇਕੱਠੀ ਕਰਕੇ ਅੰਮ੍ਰਿਤਸਰ ਪੁੱਜਾ ਸੀ। ਉਹ ਬੱਸ ਰਾਹੀ ਅੰਮ੍ਰਿਤਸਰ ਆਇਆ ਅਤੇ ਫੋਰਐਸ ਚੌਕ ਨੇੜੇ ਉਤਰਿਆ। ਜਦੋਂ ਉਹ ਕੰਪਨੀ ਬਾਗ ਨੇੜੇ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਉਸ ਕੋਲੋਂ ਪਿਸਤੌਲ ਦਿਖਾ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਮੋਟਰਸਾਈਕਲ ਤੇ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਵਿੱਚ ਪਹਿਲਾਂ ਰਾਹੁਲ ਸ਼ਰਮਾ ਨੂੰ ਕਾਬੂ ਕੀਤਾ, ਜਿਸ ਕੋਲੋਂ 28000 ਰੁਪਏ ਬਰਾਮਦ ਹੋਏ ਅਤੇ ਬਾਅਦ ਵਿੱਚ ਸੰਨੀ ਮਹਿਰਾ ਨੂੰ ਕਾਬੂ ਕੀਤਾ, ਜਿਸ ਕੋਲੋਂ 35000 ਰੁਪਏ ਬਰਾਮਦ ਕੀਤੇ ਗਏ।