ਹੈਰੋਇਨ ਦੀ ਤਸਕਰੀ ਕਰਨ ਵਾਲੇ ਦੋ ਕਾਬੂ
ਪੱਤਰ ਪ੍ਰੇਰਕ
ਜਲੰਧਰ, 20 ਜਨਵਰੀ
ਦਿਹਾਤੀ ਪੁਲੀਸ ਨੇ ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 50 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਸ ਕਾਰਵਾਈ ਵਿੱਚ ਜੰਮੂ-ਕਸ਼ਮੀਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥ ਲਿਆਉਣ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕੱਕਾ ਕੰਡਿਆਲਾ ਤਰਨ ਤਾਰਨ ਤੋਂ ਸਾਦਿਕ ਉਰਫ਼ ਸ਼ਿਕਾ ਅਤੇ ਵਾਰਡ ਨੰਬਰ 07 ਤੋਂ ਸ਼ਨੀ ਮੰਦਰ, ਬਲਾਚੌਰ ਨੇੜੇ ਮੁਰਾਦੀਨ ਉਰਫ਼ ਮੁਰਾਦੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਮੌਕੇ ਅੰਮ੍ਰਿਤਸਰ ਦੇ ਚੀਮਾ ਬਾਠਾ ਰਾਈਆ ਵਿੱਚ ਰਹਿੰਦਾ ਹੈ। ਸੀਨੀਅਰ ਪੁਲੀਸ ਕਪਤਾਨ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਆਦਮਪੁਰ ਖੇਤਰ ਵਿੱਚ ਹੈਰੋਇਨ ਦੀ ਤਸਕਰੀ ਬਾਰੇ ਖਾਸ ਜਾਣਕਾਰੀ ਮਿਲਣ ਤੋਂ ਬਾਅਦ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ। ਸੀਆਈਏ ਸਟਾਫ ਦੀ ਟੀਮ ਨੇ ਨਹਿਰ ਪੁਲੀ ਰੈਸਟ ਹਾਊਸ, ਆਦਮਪੁਰ ਨੇੜੇ ਸਵਿੱਫਟ ਕਾਰ ਨੂੰ ਰੋਕਿਆ। ਚੈਕਿੰਗ ਦੌਰਾਨ ਪੁਲੀਸ ਨੂੰ ਕਾਰ ਦੇ ਡੈਸ਼ਬੋਰਡ ਵਿੱਚ ਲੁਕਾਈ ਹੋਈ 50 ਗ੍ਰਾਮ ਹੈਰੋਇਨ ਮਿਲੀ। ਹਾਲਾਂਕਿ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਉਨ੍ਹਾਂ ਨੂੰ ਫੜ ਲਿਆ। ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਪੁਲੀਸ ਸਟੇਸ਼ਨ ਆਦਮਪੁਰ ਵਿੱਚ ਮਾਮਲਾ ਦਰਜ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੰਮੂ-ਕਸ਼ਮੀਰ ਤੋਂ ਘੱਟ ਕੀਮਤਾਂ ’ਤੇ ਹੈਰੋਇਨ ਖਰੀਦਦੇ ਸਨ ਅਤੇ ਇਸ ਨੂੰ ਪੂਰੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਆਦਮਪੁਰ ਅਤੇ ਭੋਗਪੁਰ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਬੰਦ ਹੋ ਗਈ ਹੈ।