ਸ੍ਰੀਲੰਕਾ ਦੇ ਨੌਜਵਾਨਾਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਜਨਵਰੀ
ਇਥੇ ਸ੍ਰੀਲੰਕਾ ਵਾਸੀ ਇੱਕ ਮੁੰਡੇ ਅਤੇ ਕੁੜੀ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਅਗਵਾ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਵਾਰਦਾਤ ਲਈ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ। ਪੀੜਤ ਲੜਕੀ ਦੀ ਪਛਾਣ ਕਨਿਸ਼ਕਾ ਅਤੇ ਲੜਕੇ ਦੀ ਪਛਾਣ ਸੁਮਰਧਨ ਵਜੋਂ ਹੋਈ ਹੈ। ਮੁਲਜ਼ਮਾਂ ਦੀ ਪਛਾਣ ਅੰਕਿਤ (22) ਵਾਸੀ ਕਪੂਰਥਲਾ ਅਤੇ ਇੰਦਰਜੀਤ ਸਿੰਘ (23) ਵਾਸੀ ਜਲੰਧਰ ਦਿਹਾਤੀ ਵਜੋਂ ਹੋਈ ਹੈ ਅਤੇ ਗੁਰਦਾਸਪੁਰ ਨਾਲ ਸਬੰਧਤ ਤੀਜਾ ਮੁਲਜ਼ਮ ਹਾਲੇ ਫਰਾਰ ਹੈ। ਪੁਲੀਸ ਵੱਲੋਂ ਇਥੇ ਥਾਣਾ-ਏ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਸ੍ਰੀਲੰਕਾ ਵਾਸੀ ਨੀਲਜੀਥਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੱਸਿਆ ਸੀ ਕਿ ਦੋ ਦਸੰਬਰ ਨੂੰ ਉਹ ਆਪਣੇ ਕੁਝ ਦੋਸਤਾਂ ਨਾਲ ਭਾਰਤ ਘੁੰਮਣ ਲਈ ਆਇਆ ਸੀ। ਦਿੱਲੀ ਵਿੱਚ ਮਿਲੇ ਸ੍ਰੀਲੰਕਾ ਵਾਸੀ ਅਸੀਥਾ ਨਾਂ ਦੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਅਲਬੇਨੀਆ ਦਾ ਵਰਕ ਵੀਜ਼ਾ ਲਗਵਾਉਣ ਵਾਸਤੇ ਦੋ ਵਿਅਕਤੀਆਂ ਨਾਲ ਮਿਲਾਇਆ ਸੀ, ਜਿਨ੍ਹਾਂ ਨੇ ਵੀਜ਼ਾ ਲਗਵਾਉਣ ਲਈ 3000 ਯੂਐੱਸ ਡਾਲਰ ਫੀਸ ਲਈ ਸੀ। 27 ਦਸੰਬਰ ਨੂੰ ਦੋਵਾਂ ਨੇ ਕਨਿਸ਼ਕਾ ਅਤੇ ਸੁਮਰਧਨ ਦਾ ਵੀਜ਼ਾ ਲੱਗਣ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਸੱਦਿਆ। 30 ਦਸੰਬਰ ਨੂੰ ਉਨ੍ਹਾਂ ਨੂੰ ਵੀਡੀਓ ਕਾਲ ਆਈ ਕਿ ਉਨ੍ਹਾਂ ਦੇ ਦੋਵਾਂ ਸਾਥੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਦੀ ਰਿਹਾਈ ਬਦਲੇ ਅੱਠ ਹਜ਼ਾਰ ਯੂਰੋ ਦੀ ਮੰਗ ਕੀਤੀ ਗਈ ਸੀ, ਨਹੀਂ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਕੇਸ ਦਰਜ ਹੋਣ ਤੋਂ ਬਾਅਦ ਤੁਰੰਤ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਜਾਂਚ ਕਰਦੇ ਹੋਏ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਅਗਵਾ ਕੀਤੇ ਗਏ ਕਨਿਸ਼ਕਾ ਸੁਮਰਧਨ ਦਨੂੰ ਸੁਰੱਖਿਅਤ ਬਰਾਮਦ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿ੍ਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਤੀਸਰੇ ਸਾਥੀ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਇੰਦਰਜੀਤ ਦੇ ਖਿਲਾਫ ਪਹਿਲਾਂ ਤਿੰਨ ਕੇਸ ਦਰਜ ਹਨ।