ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਮੰਗਣ ’ਤੇ ਦੋ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜਨਵਰੀ
ਗੈਂਗਸਟਰ ਹੈਰੀ ਚੱਠਾ ਗਰੋਹ ਦੇ ਮੈਂਬਰ ਦੱਸ ਕੇ ਹੋਟਲ ਮਾਲਕ ਕੋਲੋਂ 50 ਲੱਖ ਰੁਪਏ ਦੀ ਕਥਿਤ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਆਰਮੀਨੀਆ ਆਧਾਰਿਤ ਦੋ ਭਾਰਤੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋ ਮਸ਼ਕੂਕਾਂ ਵਿੱਚੋਂ ਇੱਕ ਜਲੰਧਰ ਅਤੇ ਦੂਜਾ ਅੰਮ੍ਰਿਤਸਰ ਦਾ ਹੈ। ਇਹ ਅਕਤੂਬਰ 2023 ਵਿੱਚ ਆਰਮੀਨੀਆ ਗਏ ਸਨ ਅਤੇ ਹਾਲ ਹੀ ਵਿੱਚ ਪਰਿਵਾਰਾਂ ਨੂੰ ਮਿਲਣ ਭਾਰਤ ਪਰਤੇ ਸਨ ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਪੁਲੀਸ ਇਸ ਮਾਮਲੇ ਵਿੱਚ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਮਨਿੰਦਰ ਸਿੰਘ ਉਰਫ ਮਨੀ ਵਾਸੀ ਧਾਣੀ ਪਿੰਡ ਜਲੰਧਰ ਅਤੇ ਗੁਰਸ਼ਰਨ ਵਾਸੀ ਬਿਆਸ ਥਾਣੇ ਹੇਠ ਆਉਂਦੇ ਪਿੰਡ ਕੋਟ ਮਹਿਤਾਬ ਵਜੋਂ ਹੋਈ ਹੈ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਭਾਵੇਂ ਦੋਵਾਂ ਦਾ ਪਹਿਲਾਂ ਕੋਈ ਅਪਰਾਧਕ ਪਿਛੋਕੜ ਨਹੀਂ ਹੈ ਪਰ ਆਰਮੀਨੀਆ ਵਿੱਚ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਸਾਨੀ ਨਾਲ ਪੈਸਾ ਕਮਾਉਣ ਦੇ ਲਾਲਚ ਹੇਠ ਇਸ ਰਸਤੇ ਨੂੰ ਚੁਣਿਆ। ਅੰਮ੍ਰਿਤਸਰ-ਬਿਆਸ ਸੜਕ ’ਤੇ ਹੋਟਲ ਦੇ ਮਾਲਕ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਦੋ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੇਣ ਦੀ ਧਮਕੀ ਮਿਲੀ ਸੀ। ਫੋਨ ਕਰਨ ਵਾਲਿਆਂ ਨੇ ਆਪਣੀ ਪਛਾਣ ਗੈਂਗਸਟਰ ਹੈਰੀ ਚੱਠਾ ਗਰੋਹ ਦੇ ਮੈਂਬਰ ਵਜੋਂ ਦੱਸੀ। ਸ਼ੁਰੂ ਵਿੱਚ ਹੋਟਲ ਮਾਲਕ ਨੇ ਅਜਿਹੀਆਂ ਫੋਨ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ ਪਰ ਲਗਾਤਾਰ ਆ ਰਹੀਆਂ ਧਮਕੀਆਂ ਤੋਂ ਬਾਅਦ ਪੁਲੀਸ ਕੋਲ ਸ਼ਿਕਾਇਤ ਕੀਤੀ। ਡੀਐੱਸਪੀ ਅਰੁਣ ਸ਼ਰਮਾ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਿਆਂ ਤੋਂ ਯੂਪੀਆਈ ਸਕੈਨਰ ਮੰਗਿਆ ਗਿਆ ਅਤੇ ਕੁਝ ਨਕਦੀ ਬੈਂਕ ਖਾਤੇ ਰਾਹੀਂ ਭੇਜੀ ਗਈ, ਜਿਸ ਤੋਂ ਬੈਂਕ ਖਾਤੇ ਦਾ ਪਤਾ ਲਾਇਆ ਗਿਆ ਅਤੇ ਇਸ ਤੋਂ ਬਾਅਦ ਕਈ ਹੋਰ ਫੋਨ ਨੰਬਰ ਵੀ ਪਤਾ ਲੱਗੇ, ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕੀਤਾ।